batala news

ਬਟਾਲਾ ਪੁਲਸ ਵਲੋਂ ਸਾਢੇ 6 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਮੁਲਜ਼ਮ ਗ੍ਰਿਫਤਾਰ

ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਫਾਰਚੂਨਰ ਕਾਰ ਵੀ ਬਰਾਮਦ : ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ

ਬਟਾਲਾ, 11 ਅਪ੍ਰੈਲ : ਬਟਾਲਾ ਪੁਲਸ ਨੇ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 6 ਕਿਲੋ 465 ਗ੍ਰਾਮ ਹੈਰੋਇਨ, ਫਾਰਚੂਨਰ ਕਾਰ, ਇਕ ਪਿਸਟਲ ਅਤੇ ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਹੇਠ ‘ਜ਼ੀਰੋ ਟੋਲਰੈਂਸ’ ਪਾਲਿਸੀ ਤਹਿਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ 30 ਮਾਰਚ ਨੂੰ ਥਾਣਾ ਸਿਵਲ ਲਾਈਨ ਅਧੀਨ ਇਕ ਘਰ ’ਤੇ ਵਿਦੇਸ਼ੀ ਹੈਂਡਲਰਾਂ ਦੇ ਕਹਿਣ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਾਂਚ ਲਈ ਗਠਿਤ ਵਿਸ਼ੇਸ਼ ਟੀਮਾਂ ਨੇ ਪਹਿਲਾਂ 2 ਮੁਲਜ਼ਮਾਂ, ਵੰਸ਼ ਅਤੇ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 2 ਪਿਸਟਲ ਅਤੇ 8 ਜਿੰਦਾ ਰੌਂਦ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਅਸਲਾ ਰਵੀਪਾਲ ਸਿੰਘ ਵਾਸੀ ਰਾਏਪੁਰ ਵਲੋਂ ਮੁਹੱਈਆ ਕਰਵਾਇਆ ਗਿਆ ਸੀ, ਜੋ ਵਿਦੇਸ਼ ਬੈਠੇ ਸਮਾਜ ਵਿਰੋਧੀ ਅਨਸਰਾਂ ਦੇ ਸੰਪਰਕ ’ਚ ਸੀ।

ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਪੁਲਸ ਨੇ ਰਵੀਪਾਲ ਨੂੰ ਗ੍ਰਿਫਤਾਰ ਕੀਤਾ, ਜਿਸਨੇ ਦੱਸਿਆ ਕਿ ਇਹ ਅਸਲਾ ਨਿਸ਼ਾਨ ਸਿੰਘ ਵਾਸੀ ਮੂਲਿਆਵਾਲ ਰਾਹੀਂ ਭੇਜਿਆ ਗਿਆ ਸੀ। ਪੁਲਸ ਨੇ ਕਾਰਵਾਈ ਕਰਦਿਆਂ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਤੋਂ ਫਾਰਚੂਨਰ ਕਾਰ ਸਮੇਤ ਕਾਬੂ ਕਰ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਬਾਈਪਾਸ ਖਤੀਬ ਨੇੜਿਓਂ 6 ਕਿਲੋ 465 ਗ੍ਰਾਮ ਹੈਰੋਇਨ, ਇਕ ਪਿਸਟਲ 30 ਬੋਰ ਅਤੇ 6 ਜਿੰਦਾ ਰੌਂਦ ਬਰਾਮਦ ਕੀਤੇ ਗਏ।

ਐੱਸ.ਐੱਸ.ਪੀ. ਨੇ ਕਿਹਾ ਕਿ ਮੁਲਜ਼ਮ ਦਾ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮੱਗਲਿੰਗ ਅਤੇ ਗੈਂਗਸਟਰ ਨੈੱਟਵਰਕ ਦੇ ਹੋਰ ਖੁਲਾਸੇ ਕੀਤੇ ਜਾ ਸਕਣ। ਇਸ ਮੌਕੇ ਐੱਸ.ਪੀ. (ਡੀ) ਸੰਦੀਪ ਵਡੇਹਰਾ, ਡੀ.ਐੱਸ.ਪੀ. ਸੁਮੀਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਸੁਖਰਾਜ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Read More : ਸੰਸਦ ਮੈਂਬਰ ਸਤਨਾਮ ਸੰਧੂ ਪੰਜਾਬ ਦੇ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦੇ ਵਜੋਂ ਉੱਭਰੇ

Leave a Reply

Your email address will not be published. Required fields are marked *