ਪ੍ਰਧਾਨ ਮੰਤਰੀ ਖਾਲਿਦਾ ਜ਼ਿਆ

ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦਿਹਾਂਤ

ਬੰਗਲਾਦੇਸ਼ ’ਚ ਤਿੰਨ ਦਿਨਾਂ ਦੇ ਰਾਸ਼ਟਰੀ ਸ਼ੋਗ ਦਾ ਐਲਾਨ

ਢਾਕਾ, 30 ਦਸੰਬਰ : ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੀ ਮੁਖੀ ਖਾਲਿਦਾ ਜ਼ਿਆ ਦਾ ਮੰਗਲਵਾਰ ਸਵੇਰੇ 6 ਵਜੇ ਢਾਕਾ ਵਿਚ ਦਿਹਾਂਤ ਹੋ ਗਿਆ। ਉਹ 80 ਸਾਲ ਦੀ ਸੀ ਅਤੇ ਪਿਛਲੇ 20 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ।

ਖਾਲਿਦਾ ਕਈ ਸਾਲਾਂ ਤੋਂ ਛਾਤੀ ਦੀ ਇਨਫੈਕਸ਼ਨ, ਜਿਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ, ਸ਼ੂਗਰ, ਗਠੀਆ ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਸੀ। ਉਸ ਦੇ ਪਰਿਵਾਰ ਅਤੇ ਪਾਰਟੀ ਆਗੂਆਂ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ 1991 ਤੋਂ 1996 ਅਤੇ 2001 ਤੋਂ 2006 ਤੱਕ 2 ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ। ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਸੀ।

ਖਾਲਿਦਾ ਜ਼ਿਆ ਦਾ ਸਿਆਸੀ ਕਰੀਅਰ ਉਥਲ-ਪੁਥਲ ਨਾਲ ਭਰਿਆ ਰਿਹਾ। 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਉਸ ਨੂੰ ਪਾਕਿਸਤਾਨੀ ਫੌਜ ਨੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ। ਉਸ ਨੂੰ ਜੁਲਾਈ ਤੋਂ ਦਸੰਬਰ ਤੱਕ ਪਾਕਿਸਤਾਨੀ ਫੌਜ ਨੇ ਬੰਦੀ ਬਣਾ ਕੇ ਰੱਖਿਆ ਸੀ। 16 ਦਸੰਬਰ 1971 ਨੂੰ ਪਾਕਿਸਤਾਨ ਦੀ ਹਾਰ ਤੋਂ ਬਾਅਦ ਖਾਲਿਦਾ ਜ਼ਿਆ ਨੂੰ ਰਿਹਾਅ ਕਰ ਦਿੱਤਾ ਗਿਆ। ਬਾਅਦ ਦੇ ਸਾਲਾਂ ਵਿਚ ਵੀ ਉਸ ਦਾ ਸਿਆਸੀ ਕਰੀਅਰ ਟਕਰਾਅ, ਅੰਦੋਲਨਾਂ ਅਤੇ ਹਮਲਿਆਂ ਨਾਲ ਭਰਿਆ ਰਿਹਾ। 2015 ਵਿਚ ਢਾਕਾ ’ਚ ਮੇਅਰ ਦੀ ਚੋਣ ਲਈ ਪ੍ਰਚਾਰ ਦੌਰਾਨ ਉਸ ਦੇ ਕਾਫਲੇ ’ਤੇ ਗੋਲੀਬਾਰੀ ਅਤੇ ਪੱਥਰਬਾਜ਼ੀ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਈ ਸੀ।

ਨਮਾਜ਼-ਏ-ਜਨਾਜ਼ਾ ’ਚ ਸ਼ਾਮਲ ਹੋਣਗੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਬੁੱਧਵਾਰ ਨੂੰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦੇ ਨਮਾਜ਼-ਏ-ਜਨਾਜ਼ਾ ਵਿਚ ਸ਼ਾਮਲ ਹੋਣ ਲਈ ਬੰਗਲਾਦੇਸ਼ ਜਾਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਬੀ.ਐੱਨ.ਪੀ. ਨੇਤਾ ਦੇ ਦਿਹਾਂਤ ’ਤੇ ਦੁੱਖ ਜ਼ਾਹਿਰ ਕੀਤਾ

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀ.ਐੱਨ.ਪੀ. ਨੇਤਾ ਦੇ ਦਿਹਾਂਤ ’ਤੇ ਦੁੱਖ ਜ਼ਾਹਿਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਅਫਸੋਸ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੋਦੀ ਨੇ 2015 ਵਿਚ ਢਾਕਾ ’ਚ ਬੇਗਮ ਜ਼ਿਆ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ ਕਿ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਬੰਗਲਾਦੇਸ਼ ਦੇ ਵਿਕਾਸ ਦੇ ਨਾਲ-ਨਾਲ ਭਾਰਤ-ਬੰਗਲਾਦੇਸ਼ ਸਬੰਧਾਂ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

Read More : ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟ

Leave a Reply

Your email address will not be published. Required fields are marked *