ਚੰਡੀਗੜ੍ਹ, 17 ਫਰਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੋਗਾ ਦੇ ਕਿੱਲੀ ਚਾਹਲਾਂ ਵਿੱਚ ਹੋਏ ਪਿੰਡਾਂ ਦੀਆਂ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਸਵਾਲਾਂ ਦਾ ਸਖ਼ਤ ਜਵਾਬ ਦਿੱਤਾ ਹੈ। ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਕੰਮ ਹੋ ਰਹੇ ਹਨ, ਉਨ੍ਹਾਂ ਤੋਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ਬਿਨਾਂ ਵਜ੍ਹਾ ਰੌਲਾ ਪਾ ਰਹੀਆਂ ਹਨ।
ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਉਨ੍ਹਾਂ ਦਾ ਪਿਛਲਾ ਸਮਾਂ ਯਾਦ ਕਰਵਾਉਂਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਸਰਕਾਰੀ ਪੈਸੇ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੀਆਂ ਸਰਕਾਰਾਂ ਸਨ, ਉਦੋਂ ਨਸ਼ਾ ਸਰਕਾਰੀ ਗੱਡੀਆਂ ਵਿੱਚ ਨਹੀਂ ਵਿਕਦਾ ਸੀ? ਉਨ੍ਹਾਂ ਕਿਹਾ ਕਿ ਜਨਤਾ ਅਜੇ ਭੁੱਲੀ ਨਹੀਂ ਕਿ ਕਿਵੇਂ ਪੁਰਾਣੇ ਸੱਤਾਧਾਰੀ ਲੋਕਾਂ ਦੀ ਮਦਦ ਨਾਲ ਨਸ਼ੇ ਦਾ ਕਾਰੋਬਾਰ ਵਧਿਆ ਸੀ। ਉਨ੍ਹਾਂ ਸਾਫ਼ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੈਸਾ ਨਸ਼ਾ ਵੇਚਣ ਵਾਲਿਆਂ ਨੂੰ ਬਚਾਉਣ ਲਈ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ਰਚ ਕਰ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੋਗਾ ਵਿੱਚ ਹੋਏ ਸਮਾਗਮ ਵਿੱਚ ਸਿਰਫ਼ ਪਿੰਡਾਂ ਦੀਆਂ ਕਮੇਟੀਆਂ ਦੇ ਮੈਂਬਰ ਹੀ ਸ਼ਾਮਲ ਹੋਏ ਸਨ, ਜਿੱਥੇ ਜਾਗਰੂਕ ਨਾਗਰਿਕਾਂ ਨੇ ਨਸ਼ੇ ਖ਼ਿਲਾਫ਼ ਲੜਨ ਦੀ ਸਹੁੰ ਚੁੱਕੀ ਸੀ। ਪੰਨੂ ਨੇ ਕਿਹਾ ਕਿ ਜਦੋਂ ਪੂਰਾ ਪੰਜਾਬ “ਯੁੱਧ ਨਸ਼ਿਆਂ ਵਿਰੁੱਧ 2” ਮੁਹਿੰਮ ਤਹਿਤ ਇੱਕਜੁੱਟ ਹੋ ਗਿਆ, ਤਾਂ ਵਿਰੋਧੀ ਪਾਰਟੀਆਂ ਦਾ ਕੀ ਬਣੇਗਾ? ਉਨ੍ਹਾਂ ਮੁਤਾਬਕ ਨਸ਼ਾ ਖ਼ਤਮ ਹੋਣ ਦੇ ਡਰੋਂ ਵਿਰੋਧੀ ਇਸ ਲਈ ਪਰੇਸ਼ਾਨ ਹਨ ਕਿਉਂਕਿ ਨਸ਼ਾ ਖ਼ਤਮ ਹੁੰਦੇ ਹੀ ਉਨ੍ਹਾਂ ਦੀ ਸਿਆਸਤ ਦੀ ਦੁਕਾਨ ਬੰਦ ਹੋ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਕਿਸੇ ਵੀ ਬੰਦੇ ਨੂੰ ਨਹੀਂ ਬਖਸ਼ੇਗੀ।
Read More : ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
