ਕਿਹਾ-1600 ਕਰੋੜ ਦੇ ਸਬੂਤ ਜਨਤਕ ਕਰੋ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ
ਪ੍ਰਦੇਸ਼ ਜਨਰਲ ਸਕੱਤਰ ਨੇ ਕਿਹਾ- 15-15 ਲੱਖ ਰੁਪਏ ਤੇ 2 ਕਰੋੜ ਨੌਕਰੀਆਂ ਕਿੱਥੇ ਗਈਆਂ?
ਚੰਡੀਗੜ੍ਹ, 26 ਨਵੰਬਰ : ‘ਆਪ’ ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਬਲਤੇਜ ਪੰਨੂ ਨੇ ਭਾਜਪਾ ਦੇ ਸੂਬਾਈ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਖ਼ਤ ਚੁਣੌਤੀ ਦਿੰਦਿਆਂ ਕੇਂਦਰ ਤੋਂ ਮਿਲੇ 1600 ਕਰੋੜ ਰੁਪਏ ਦੇ ਸਬੂਤ ਜਨਤਕ ਕਰਨ ਦੀ ਮੰਗ ਕੀਤੀ ਹੈ। ਪੰਨੂ ਨੇ ਭਾਜਪਾ ’ਤੇ ਜੁਮਲੇਬਾਜ਼ੀ ਰਾਹੀਂ ਲੋਕਾਂ ਨੂੰ ਉਲਝਾਉਣ ਅਤੇ ਆਪਣੇ ਕੀਤੇ ਵਾਅਦਿਆਂ ਤੋਂ ਭੱਜਣ ਦਾ ਵੀ ਦੋਸ਼ ਲਾਇਆ ਹੈ।
ਬਲਤੇਜ ਪੰਨੂ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਸਿੱਧਾ ਸਵਾਲ ਕੀਤਾ ਕਿ ਪਹਿਲਾਂ ਉਹ ਆਪ ਦੱਸਣ ਕਿ ਦੇਸ਼ ਦੇ ਲੋਕਾਂ ਨੂੰ ਦਿੱਤੇ 15-15 ਲੱਖ ਰੁਪਏ ਦੇ ਵਾਅਦੇ ਦਾ ਕੀ ਹੋਇਆ ਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਕਿੱਥੇ ਗਏ। ਉਨ੍ਹਾਂ ਕਿਹਾ ਕਿ ਤੁਸੀਂ (ਭਾਜਪਾ) ਆਪ ਤਾਂ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ 15-15 ਲੱਖ ਰੁਪਈਏ ਲੋਕਾਂ ਦੇ ਕਿੱਥੇ ਹਨ ਤੇ ਉਹ 2 ਕਰੋੜ ਨੌਕਰੀਆਂ ਕਿੱਥੇ ਹਨ ਜੋ ਸਾਲ ਦੀਆਂ ਤੁਸੀਂ ਦੇਣੀਆਂ ਸਨ। ਲੋਕਾਂ ਨੂੰ ਜੁਮਲਿਆਂ ’ਚ ਉਲਝਾ ਕੇ ਅੱਜ ਇਹ ਕਹਿੰਦੇ ਹੋ ਕਿ ਤੁਹਾਨੂੰ ਇਸ ਚੀਜ਼ ਦੇ ਸਵਾਲ ਦਾ ਜਵਾਬ ਦਿੱਤਾ ਜਾਵੇ।
ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਜਿਸ ਨੇ ਪੈਸੇ ਦਿੱਤੇ ਹੁੰਦੇ ਹਨ ਉਸ ਕੋਲ ਠੋਸ ਸਬੂਤ ਹੁੰਦੇ ਹਨ। ਉਨ੍ਹਾਂ ਭਾਜਪਾ ਦੇ ਸੂਬਾਈ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੈਲੰਜ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਚੈਲੰਜ ਕਰਦੇ ਹਾਂ ਕਿ ਤੁਸੀਂ ਕੇਂਦਰ ਦੀ ਸਰਕਾਰ ਤੋਂ 1600 ਕਰੋੜ ਰੁਪਈਏ ਦਾ ਸਬੂਤ ਜਨਤਕ ਕਰ ਦਿਓ।
ਪਤਾ ਲੱਗ ਜਾਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਜੇਕਰ ਭਾਜਪਾ ਕੋਲ ਕੇਂਦਰ ਤੋਂ 1600 ਕਰੋੜ ਰੁਪਏ ਮਿਲਣ ਦੇ ਸੱਚਮੁੱਚ ਕੋਈ ਪ੍ਰਮਾਣ ਹਨ ਤਾਂ ਉਹ ਮੀਡੀਆ ਸਾਹਮਣੇ ਰੱਖਣ, ਜਿਸ ਨਾਲ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ।
Read More : ਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਹਾਦਸਾ, ਲੜਕੀ ਦੀ ਮੌਤ
