ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲਾ
ਮਾਨਸਾ, 1 ਜੁਲਾਈ :-ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ‘ਦਿ ਕੀਲਿੰਗ ਕਾਲ’ ਦੀ ਸੁਣਵਾਈ ਮੁੜ 21 ਜੁਲਾਈ ’ਤੇ ਪੈ ਗਈ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੀ. ਬੀ. ਸੀ. ਵੱਲੋਂ ਅਦਾਲਤ ’ਚ ਦਿੱਤੀ ਗਈ ਅਰਜ਼ੀ ਦਾ ਦੂਜੀ ਪੇਸ਼ੀ ’ਤੇ ਵੀ ਕੋਈ ਦਾਅਵਾ ਪੇਸ਼ ਨਹੀਂ ਕੀਤਾ।
ਬੀ. ਬੀ. ਸੀ. ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪਟੀਸ਼ਨ ਦਾ ਜਵਾਬ ਦਿੰਦਿਆਂ ਅਦਾਲਤ ’ਚ ਜਵਾਬ ਪੇਸ਼ ਕੀਤਾ ਹੈ। ਬੀ. ਬੀ. ਸੀ. ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ ਪੇਸ਼ ਹੋਏ। ਬਲਕੌਰ ਸਿੰਘ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ’ਤੇ ਬਣਾਈ ਗਈ ਦਸਤਾਵੇਜ਼ੀ ਨਾਲ ਉਨ੍ਹਾਂ ਦੀ ਮਾਣਹਾਣੀ ਹੋਈ ਹੈ, ਜਿਸ ਸਬੰਧੀ ਉਨ੍ਹਾਂ ਤੋਂ ਬੀ. ਬੀ. ਸੀ. ਨੇ ਕੋਈ ਵੀ ਆਗਿਆ ਨਹੀਂ ਲਈ ਅਤੇ ਇਸ ਦਾ ਅਸਰ ਮੂਸੇਵਾਲਾ ਕਤਲ ਕੇਸ ਦੇ ਚੱਲਦੇ ਮਾਮਲੇ ’ਤੇ ਵੀ ਪਵੇਗਾ।
ਇਸ ਦੇ ਜਵਾਬ ’ਚ ਬੀ. ਬੀ. ਸੀ. ਦੇ ਵਕੀਲ ਬਲਵੰਤ ਸਿੰਘ ਭਾਟੀਆ ਨੇ ਆਪਣਾ ਜਵਾਬ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਨਾਲ ਕਿਸੇ ਤਰ੍ਹਾਂ ਦੀ ਕੋਈ ਮਾਣਹਾਨੀ ਨਹੀਂ ਹੁੰਦੀ ਅਤੇ ਨਾ ਹੀ ਮੂਸੇਵਾਲਾ ’ਤੇ ਦਸਤਾਵੇਜ਼ੀ ਬਣਾਉਣ ਲਈ ਆਗਿਆ ਦੀ ਕੋਈ ਲੋੜ ਹੈ। ਇਸ ’ਤੇ ਕੋਈ ਵੀ ਦਸਤਾਵੇਜ਼ੀ ਬਣਾ ਸਕਦਾ ਹੈ।
ਉਨ੍ਹਾਂ ਨੇ ਆਪਣੇ ਜਵਾਬ ’ਚ ਇਹ ਵੀ ਦਲੀਲ ਦਿੱਤੀ ਹੈ ਕਿ ਇਸ ਦਸਤਾਵੇਜ਼ੀ ਨਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਫਿਲਮ ’ਤੇ ਰੋਕ ਲਗਾਉਣ ਦੀ ਕੀਤੀ ਮੰਗ ਦਾ ਆਪਣੇ ਜਵਾਬ ਵਿਚ ਵਿਰੋਧ ਕੀਤਾ ਅਤੇ ਕਿਹਾ ਕਿ ਇਸ ’ਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣਾ ਨਹੀਂ ਬਣਦਾ।
ਓਧਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੇ ਬੀ. ਬੀ. ਸੀ. ਦੇ ਦਾਅਵੇ ਦਾ ਜਵਾਬ ਦੇਣਾ ਸੀ, ਇਸ ਤੋਂ ਪਹਿਲਾਂ ਹੀ ਬੀ. ਬੀ. ਸੀ. ਨੇ ਆਪਣਾ ਜਵਾਬ ਪੇਸ਼ ਕਰ ਦਿੱਤਾ। ਇਸ ’ਤੇ ਹੁਣ ਅਗਲੀ ਸੁਣਵਾਈ 21 ਜੁਲਾਈ ਨੂੰ ਹੋਵੇਗੀ।
Read More : ਔਰਤ ਨੇ ਖੁਦ ’ਤੇ ਤੇਲ ਪਾ ਲਾਈ ਅੱਗ