ਮੈਚ ਪ੍ਰਬੰਧਕਾਂ ਨੇ ਬਾਅਦ ਵਿਚ ਗ਼ਲਤੀ ਲਈ ਮੰਗੀ ਮੁਆਫੀ, ਇਸ ਨੂੰ ‘ਤਕਨੀਕੀ ਗਲਤੀ’ ਕਿਹਾ
ਪਾਕਿਸਤਾਨ ਵਿਚ ਖੇਡੇ ਜਾ ਰਹੇ ਚੈਂਪੀਅਨਜ਼ ਟਰਾਫੀ-2025 ਦੇ ਇੰਗਲੈਂਡ ਬਨਾਮ ਆਸਟ੍ਰੇਲੀਆ ਮੈਚ ’ਚ ਇਕ ਘਟਨਾ ਵਾਪਰੀ, ਜਿਸ ਕਾਰਨ ਪਾਕਿਸਤਾਨ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਹਾਸੇ ਦਾ ਪਾਤਰ ਬਣ ਗਿਆ।
ਅੱਜ ਇੰਗਲੈਂਡ ਖਿਲਾਫ ਮੈਚ ਤੋਂ ਪਹਿਲਾਂ ਆਸਟ੍ਰੇਲੀਆਈ ਰਾਸ਼ਟਰੀ ਗੀਤ ਦੀ ਬਜਾਏ ਗ਼ਲਤੀ ਨਾਲ ਭਾਰਤੀ ਰਾਸ਼ਟਰੀ ਗੀਤ ਵਜਾ ਦਿੱਤਾ ਗਿਆ। ਇਹ ਘਟਨਾ ਮੈਚ ਤੋਂ ਪਹਿਲਾਂ ਦੀਆਂ ਰਸਮਾਂ ਦੌਰਾਨ ਵਾਪਰੀ, ਜਦੋਂ ਖਿਡਾਰੀ ਰਾਸ਼ਟਰੀ ਗੀਤ ਲਈ ਲਾਈਨ ਵਿਚ ਖੜ੍ਹੇ ਸਨ। ਇਸ ਗ਼ਲਤੀ ਨੇ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਕੁਝ ਪਲਾਂ ਲਈ ਹੈਰਾਨ ਕਰ ਦਿੱਤਾ ਪਰ ਜਲਦੀ ਹੀ ਇਸ ਨੂੰ ਬਦਲ ਦਿੱਤਾ ਗਿਆ।
ਜਦੋਂ ਸਟੇਡੀਅਮ ਵਿਚ ਭਾਰਤੀ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋਇਆ ਤਾਂ ਆਸਟ੍ਰੇਲੀਆਈ ਖਿਡਾਰੀ ਇਕ-ਦੂਜੇ ਵੱਲ ਦੇਖਣ ਲੱਗੇ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਤੋਂ ਇਹ ਸਪੱਸ਼ਟ ਹੋ ਗਿਆ ਕਿ ਕੁਝ ਗ਼ਲਤ ਹੈ। ਦਰਸ਼ਕ ਕੁਝ ਪਲਾਂ ਲਈ ਹੈਰਾਨ ਰਹਿ ਗਏ ਪਰ ਜਲਦੀ ਹੀ ਪ੍ਰਬੰਧਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਸਹੀ ਰਾਸ਼ਟਰੀ ਗੀਤ ਵਜਾਇਆ ਗਿਆ।
ਇਸ ਘਟਨਾ ਦੀਆਂ ਵੀਡੀਓ ਕਲਿੱਪਾਂ ਅਤੇ ਫੋਟੋਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੈਚ ਪ੍ਰਬੰਧਕਾਂ ਨੇ ਬਾਅਦ ਵਿਚ ਗ਼ਲਤੀ ਲਈ ਮੁਆਫੀ ਮੰਗੀ, ਇਸ ਨੂੰ ਤਕਨੀਕੀ ਗ਼ਲਤੀ ਕਿਹਾ। ਪ੍ਰਬੰਧਕਾਂ ਦੇ ਅਨੁਸਾਰ ਰਾਸ਼ਟਰੀ ਗੀਤ ਵਜਾਉਣ ਦੌਰਾਨ ਇਕ ਮਨੁੱਖੀ ਗ਼ਲਤੀ ਹੋ ਗਈ, ਜਿਸਨੂੰ ਤੁਰੰਤ ਸੁਧਾਰ ਲਿਆ ਗਿਆ। ਸਾਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ।