ਪੁਲਸ ਨੇ 3 ਮੁਲਜ਼ਮਂ ਨੂੰ ਗ੍ਰਿਫ਼ਤਾਰ 2 ਹੈਂਡ ਗ੍ਰਨੇਡ, 2 ਪਿਸਤੌਲ ਕੀਤੇ ਬਰਾਮਦ
ਪਟਿਆਲਾ, 20 ਜੁਲਾਈ : ਪੰਜਾਬ ਪੁਲਸ ਨੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਅਤੇ ਮਨੂ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸਦੇ ਤਿੰਨ ਮੈਂਬਰਾਂ, ਜੋ ਪਟਿਆਲਾ ਦੇ ਬਾਦਸ਼ਾਹਪੁਰ ਅਤੇ ਹਰਿਆਣਾ ਦੇ ਅਜੀਮਗੜ੍ਹ ਵਿਖੇ ਪੁਲਸ ਚੌਕੀਆਂ ’ਤੇ ਗ੍ਰਨੇਡ ਹਮਲਿਆਂ ’ਚ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਦਿੱਤੀ। ਇਹ ਆਪ੍ਰੇਸ਼ਨ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਪਟਿਆਲਾ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.), ਐੱਸ. ਏ. ਐੱਸ. ਨਗਰ ਦੁਆਰਾ ਸਾਂਝੇ ਤੌਰ ’ਤੇ ਚਲਾਇਆ ਗਿਆ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਦੀਪੂ ਵਾਸੀ ਬਾਦਸ਼ਾਹਪੁਰ (ਪਟਿਆਲਾ), ਹਰਪ੍ਰੀਤ ਸਿੰਘ ਉਰਫ਼ ਜੱਗਾ ਵਾਸੀ ਹਰਚੰਦਪੁਰਾ (ਪਟਿਆਲਾ) ਅਤੇ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗੁਰਦਿਆਲਪੁਰਾ (ਪਟਿਆਲਾ) ਵਜੋਂ ਹੋਈ ਹੈ।
ਦੱਸਣਯੋਗ ਹੈ ਕਿ 1 ਅਪ੍ਰੈਲ 2025 ਨੂੰ ਪਟਿਆਲਾ ਦੇ ਪੁਲਿਸ ਚੌਕੀ ਬਾਦਸ਼ਾਹਪੁਰ ਅਤੇ 6 ਅਪ੍ਰੈਲ 2025 ਨੂੰ ਹਰਿਆਣਾ ਦੇ ਪੁਲਸ ਚੌਕੀ ਅਜੀਮਗੜ੍ਹ ’ਤੇ ਗ੍ਰਨੇਡ ਹਮਲੇ ਹੋਏ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਬੀ. ਕੇ. ਆਈ. ਦੇ ਕਾਰਕੁਨਾਂ ਹੈਪੀ ਪਾਸੀਆਂ, ਮਨੂ ਅਗਵਾਨ ਅਤੇ ਗੋਪੀ ਨਵਾਸ਼ਹਿਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇਨ੍ਹਾਂ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।
ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਡਿਊਲ ਨੂੰ ਸਫਲਤਾਪੂਰਵਕ ਨਸ਼ਟ ਕਰ ਕੇ ਪੰਜਾਬ ਪੁਲਸ ਨੇ ਸੂਬੇ ’ਚ ਪੁਲਸ ਅਦਾਰਿਆਂ ’ਤੇ ਹੋਏ ਗ੍ਰਨੇਡ ਹਮਲਿਆਂ ਦੀਆਂ ਦੋਵੇਂ ਘਟਨਾਵਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਹੈਂਡਲਰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮਾਡਿਊਲ ਨੂੰ ਲੌਜਿਸਟਿਕਲ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਸੀ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਡਿਊਲ ਪੰਜਾਬ ’ਚ ਪੁਲਸ ਅਦਾਰਿਆਂ ’ਤੇ ਹੋਰ ਹਮਲਿਆਂ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਸੀ, ਜਦੋਂ ਕਿ ਇਸ ਮਾਮਲੇ ’ਚ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਪੁਲਸ ਅਧਿਕਾਰੀ ਡਾ. ਸਿਮਰਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਕਬੂਲਿਆ ਕਿ ਦੋਵਾਂ ਪੁਲਿਸ ਅਦਾਰਿਆਂ ’ਤੇ ਹਮਲਿਆਂ ਦੀ ਯੋਜਨਾ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਣਾਈ ਸੀ, ਜੋ ਇਸ ਸਮੇਂ ਪਟਿਆਲਾ ਜੇਲ ’ਚ ਬੰਦ ਹੈ। ਉਨ੍ਹਾਂ ਕਿਹਾ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਾਦਸ਼ਾਹਪੁਰ ਹਮਲੇ ’ਚ ਸ਼ਾਮਲ ਹੋਣ ਬਦਲੇ ਸੰਦੀਪ ਸਿੰਘ ਉਰਫ਼ ਦੀਪੂ ਨੂੰ 3-4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਦੋਂ ਕਿ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਨੂੰ ਅਜੀਮਗੜ੍ਹ ਹਮਲੇ ’ਚ ਸਾਥ ਦੇਣ ਲਈ 10,000 ਰੁਪਏ ਦਿੱਤੇ ਗਏ ਸਨ।
ਏ. ਆਈ. ਜੀ. ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਥਾਣਾ ਐੱਸ. ਐੱਸ. ਓ. ਸੀ. ਐੱਸ. ਏ. ਐੱਸ. ਨਗਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (1) (ਬੀ) ਅਤੇ 61 (2) ਤਹਿਤ ਐੱਫ. ਆਈ. ਆਰ. ਨੰਬਰ 11 ਮਿਤੀ 19/7/2025 ਨੂੰ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4, 5 ਅਤੇ 6 ਬਾਅਦ ’ਚ ਨਾਲ ਜੋੜੀਆਂ ਗਈਆਂ ਹਨ।
Read More :ਮੁੱਖ ਮੰਤਰੀ ਵੱਲੋਂ ਭਾਜਪਾ ਆਗੂਆਂ ਨੂੰ ਚਿਤਾਵਨੀ