suicide

ਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀ

ਜ਼ਮੀਨ ’ਤੇ ਕਬਜ਼ਾ ਕਰਨ ਆਏ ਸੀ ਹਮਲਾਵਰ, 2 ਔਰਤਾਂ ਜ਼ਖਮੀ

ਫਿਰੋਜ਼ਪੁਰ, 10 ਜੁਲਾਈ :- ਅੱਜ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿਚ ਜ਼ਮੀਨ ’ਤੇ ਕਬਜ਼ਾ ਕਰਨ ਆਏ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦ ਕਿ 2 ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ।

ਪੀੜਤ ਪਰਿਵਾਰ ਦੀ ਔਰਤ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਸਾਢੇ 4 ਏਕੜ ਜ਼ਮੀਨ ਦੇ ਝਗੜੇ ਨੂੰ ਲੈ ਕੇ ਉਨ੍ਹਾਂ ਦੇ ਦਲਿਤ ਪਰਿਵਾਰ ਅਤੇ ਕੁਝ ਜ਼ਿਮੀਂਦਾਰਾਂ ਵਿਚਕਾਰ ਝਗੜਾ ਚੱਲ ਰਿਹਾ ਹੈ ਅਤੇ ਇਸ ਜ਼ਮੀਨ ’ਤੇ ਦਲਿਤ ਪਰਿਵਾਰ ਦਾ ਕਬਜ਼ਾ ਹੈ।

ਪਹਿਲਾਂ ਵੀ ਇਸ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਕਈ ਵਾਰ ਤਕਰਾਰ ਹੋ ਚੁੱਕੀ ਹੈ ਪਰ ਅੱਜ ਉਨ੍ਹਾਂ ਜ਼ਿਮੀਂਦਾਰਾਂ ਨੇ ਲਗਭਗ 60/70 ਅਣਪਛਾਤੇ ਵਿਅਕਤੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਔਰਤਾਂ ਇਕੱਲੀਆਂ ਸਨ। ਹਮਲਾਵਰਾਂ ਕੋਲ ਕਸੀਏ, ਕੁਹਾੜੀਆਂ ਆਦਿ ਸਨ ਅਤੇ ਉਨ੍ਹਾਂ ਨੇ ਕਸ਼ਮੀਰੋ ਬਾਈ ਪਤਨੀ ਕਾਲਾ ਉਮਰ ਲਗਭਗ 40/45 ਸਾਲ ਦੀ ਗਰਦਨ ’ਤੇ ਕੱਸੀਏ ਨਾਲ ਵਾਰ ਕੀਤੇ ਅਤੇ ਉਹ ਡਿੱਗ ਪਈ। ਹਮਲਾਵਰ ਉਸ ’ਤੇ ਕਸੀਏ ਨਾਲ ਵਾਰ ਕਰਦੇ ਰਹੇ ਅਤੇ ਉਸ ਦੀ ਗਰਦਨ ਵੱਢ ਦਿੱਤੀ।

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਉਨ੍ਹਾਂ ਦੇ ਪਰਿਵਾਰ ਦੀਆਂ ਦੋ ਹੋਰ ਔਰਤਾਂ ਜਿਨ੍ਹਾਂ ਵਿਚ ਇਕ ਕੁੜੀ ਜੋ ਘਟਨਾ ਦੀ ਵੀਡੀਓ ਬਣਾ ਰਹੀ ਸੀ ’ਤੇ ਵੀ ਇਨ੍ਹਾਂ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਲੜਕੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।

ਘਟਨਾ ਬਾਰੇ ਪਤਾ ਲੱਗਦਿਆਂ ਹੀ ਐੱਸ. ਐੱਸ. ਸੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਕੁਝ ਹਮਲਾਵਰਾਂ ਨੂੰ ਪੁਲਸ ਨੇ ਫੜ ਲਿਆ ਹੈ, ਜਦੋਂ ਕਿ ਬਾਕੀ ਹਮਲਾਵਰਾਂ ਨੂੰ ਫੜਨ ਲਈ ਪੁਲਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲਸ ਵੱਲੋਂ ਹਮਲਾਵਰਾਂ ਖ਼ਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ।

ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਇਸ ਘਟਨਾ ਵਿਚ ਕਸ਼ਮੀਰੋ ਬਾਈ ਦੀ ਮੌਤ ਹੋ ਗਈ ਹੈ, ਜਦੋਂ ਕਿ ਨਿੱਕੋ ਅਤੇ ਸੁਖਵਿੰਦਰ ਸੁੱਖੀ ਜ਼ਖਮੀ ਹੋ ਗਈਆਂ ਹਨ ਅਤੇ ਹਸਪਤਾਲ ਵਿਚ ਇਲਾਜ ਅਧੀਨ ਹਨ।

Leave a Reply

Your email address will not be published. Required fields are marked *