suspended

ਮੁੱਖ ਮੰਤਰੀ ਦੀ ਆਮਦ ਮੌਕੇ ਲੋਕਾਂ ਨਾਲ ਬਦਸਲੂਕੀ ਕਰਨ ਵਾਲਾ ਏ.ਐੱਸ.ਆਈ. ਮੁਅੱਤਲ

ਐੱਸ.ਐੱਸ.ਪੀ. ਫਾਜ਼ਿਲਕਾ ਵੱਲੋਂ ਸਖ਼ਤ ਕਾਰਵਾਈ

ਫਾਜ਼ਿਲਕਾ, 2 ਅਪ੍ਰੈਲ : ਮੁੱਖ ਮੰਤਰੀ ਪੰਜਾਬ ਦੀ ਫਾਜ਼ਿਲਕਾ ਫੇਰੀ ਦੌਰਾਨ ਡਿਊਟੀ ‘ਚ ਕੋਤਾਹੀ ਵਰਤਣ ਅਤੇ ਜਨਤਾ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਪੁਲਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਫਾਜ਼ਿਲਕਾ ਦੇ ਐੱਸ.ਐੱਸ.ਪੀ. ਵੱਲੋਂ ਜਾਰੀ ਹੁਕਮਾਂ ਅਨੁਸਾਰ, ਏ.ਐੱਸ.ਆਈ. ਹੰਸ ਰਾਜ (ਲੋਕਲ ਰੈਂਕ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਵੇਰਵਿਆਂ ਅਨੁਸਾਰ ਮੁੱਖ ਮੰਤਰੀ ਦੀ ਆਮਦ ਮੌਕੇ ਏ.ਐਸ.ਆਈ. ਹੰਸ ਰਾਜ ਦੀ ਡਿਊਟੀ ਪਬਲਿਕ ਪਾਰਕਿੰਗ ‘ਤੇ ਲਗਾਈ ਗਈ ਸੀ। ਡਿਊਟੀ ਦੌਰਾਨ ਉਕਤ ਮੁਲਾਜ਼ਮ ਵੱਲੋਂ ਆਮ ਲੋਕਾਂ ਨਾਲ ਮਾੜਾ ਵਿਵਹਾਰ ਕਰਨ ਦੀ ਸ਼ਿਕਾਇਤ ਮਿਲੀ ਸੀ।

ਉਪ ਕਪਤਾਨ ਪੁਲਸ (ਕਮਾਂਡ ਕੰਟਰੋਲ) ਫਾਜ਼ਿਲਕਾ ਦੀ ਰਿਪੋਰਟ ਦੇ ਆਧਾਰ ‘ਤੇ ਇਕ ਅਨੁਸ਼ਾਸਨੀ ਕਾਰਵਾਈ ਕਰਦਿਆਂ ਹੰਸ ਰਾਜ ਨੂੰ ਸਸਪੈਂਡ ਕਰਕੇ ਵਿਭਾਗੀ ਪੜਤਾਲ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਡੀ.ਐਸ.ਪੀ. (ਸਥਾਨਕ) ਨੂੰ ਸੌਂਪੀ ਗਈ ਹੈ, ਜੋ 90 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਐਸ.ਐਸ.ਪੀ. ਦਫ਼ਤਰ ਨੂੰ ਸੌਂਪਣਗੇ।

ਦੂਜੇ ਪਾਸੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਕਰਮਚਾਰੀ ਆਗੂਆਂ ਨੇ ਵੀ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਪੁਲਸ ਅਧਿਕਾਰੀ ਪਹਿਲਾਂ ਵੀ ਰੋਡਵੇਜ਼ ਦੀਆਂ ਬੱਸਾਂ ਦੇ ਨਾਜਾਇਜ਼ ਚਲਾਨ ਕੱਟਣ ਕਾਰਨ ਚਰਚਾ ‘ਚ ਸੀ, ਜਿਸ ਸਬੰਧੀ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਸੀ। ਪੁਲਸ ਵਿਭਾਗ ਦੀ ਇਸ ਕਾਰਵਾਈ ਨੂੰ ਅਨੁਸ਼ਾਸਨ ਕਾਇਮ ਰੱਖਣ ਲਈ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

Read More : ਹਨੀ ਸਿੰਘ ਤੇ ਬਾਦਸ਼ਾਹ ਦੇ ‘ਅਸ਼ਲੀਲ’ ਗੀਤ ਨੂੰ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ

Leave a Reply

Your email address will not be published. Required fields are marked *