ਵਿਜੀਲੈਂਸ ਬਿਊਰੋ

ਏਐਸਆਈ 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਕੇਸ ਵਿਚੋਂ ਮਾਂ-ਭੈਣ ਦਾ ਨਾਮ ਕੱਢਣ ਬਦਲੇ ਮੰਗੀ ਸੀ ਰਿਸ਼ਵਤ, ਵਿਜੀਲੈਂਸ ਨੇ ਵਿਛਾਇਆ ਜਾਲ

ਲੁਧਿਆਣਾ, 30 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਲੁਧਿਆਣਾ ਦੇ ਪੁਲਿਸ ਸਟੇਸ਼ਨ ਪੀ.ਏ.ਯੂ. ਅਧੀਨ ਆਉਂਦੀ ਪੁਲਿਸ ਚੌਕੀ ਕਿਚਲੂ ਨਗਰ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ (ASI) ਲਖਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਲੁਧਿਆਣਾ ਦੇ ਬੈਂਕ ਕਲੋਨੀ, ਨੂਰਵਾਲਾ ਰੋਡ ਦੇ ਇਕ ਰਹਿਣ ਵਾਲੇ ਵਿਅਕਤੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਵਿਰੁੱਧ ਇੱਕ ਕੇਸ ਦਰਜ ਸੀ, ਜਿਸਦੀ ਪੜਤਾਲ ASI ਲਖਵਿੰਦਰ ਸਿੰਘ ਕਰ ਰਿਹਾ ਸੀ।

ਦੋਸ਼ ਮੁਤਾਬਕ ASI ਲਖਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਾਂ ਅਤੇ ਭੈਣ ਨੂੰ ਉਸ ਕੇਸ ਵਿੱਚ ਨਾ ਫਸਾਉਣ ਅਤੇ ਉਨ੍ਹਾਂ ਦੇ ਨਾਮ ਕੱਢਣ ਦੇ ਬਦਲੇ 30,000 ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਬੜੀ ਹੁਸ਼ਿਆਰੀ ਨਾਲ ਮੁਲਜ਼ਮ ਨਾਲ ਹੋਈ ਪੂਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਕੋਲ ਪਹੁੰਚ ਕੀਤੀ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ। ਜਿਵੇਂ ਹੀ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 15,000 ਰੁਪਏ ਏਐਸਆਈ ਲਖਵਿੰਦਰ ਸਿੰਘ ਨੂੰ ਫੜਾਏ, ਤਾਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਦਬੋਚ ਲਿਆ।

Read More : ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ

Leave a Reply

Your email address will not be published. Required fields are marked *