ਸੁਖਬੀਰ ਬਾਦਲ

ਸੱਤਾ ’ਚ ਆਉਂਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਾਂਗੇ : ਸੁਖਬੀਰ ਬਾਦਲ

ਫਿਰੋਜ਼ਪੁਰ ਵਿਖੇ ‘ਪੰਜਾਬ ਬਚਾਓ’ ਰੈਲੀ ’ਚ ਉਮੜਿਆ ਜਨ ਸੈਲਾਬ; ਟਿਊਬਵੈੱਲ ਕੁਨੈਕਸ਼ਨ ਅਤੇ ਮੁਫ਼ਤ ਜ਼ਮੀਨ ਬਟਵਾਰੇ ਦਾ ਕੀਤਾ ਐਲਾਨ

ਫਿਰੋਜ਼ਪੁਰ, 24 ਫਰਵਰੀ : ਫਿਰੋਜ਼ਪੁਰ ਛਾਉਣੀ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ’ਚ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਦੇਖ-ਰੇਖ ’ਚ ‘ਪੰਜਾਬ ਬਚਾਓ’ ਵਿਸ਼ਾਲ ਰੈਲੀ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੇ ਭਾਗ ਲਿਆ।

ਇਸ ਮੌਕੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਜਿੰਦੂ ਅਤੇ ਸਾਬਕਾ ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ, ਸੁਰਿੰਦਰ ਸਿੰਘ ਬੱਬੂ ਪ੍ਰਧਾਨ, ਸੁਖਪਾਲ ਸਿੰਘ ਨੰਨੂ, ਰੋਹਿਤ ਕੁਮਾਰ ਮੋਂਟੂ ਵੋਹਰਾ ਅਤੇ ਬੌਬੀ ਮਾਨ ਮੌਜੂਦ ਸਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ’ਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਉਨ੍ਹਾ ਕਿਹਾ ਕਿ ਸੱਤਾ ਵਿਚ ਆਉਂਦੇ ਹੀ ਉਨ੍ਹਾਂ ਦੀ ਸਰਕਾਰ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਅੱਤਵਾਦੀ ਐਲਾਨੇਗੀ ਅਤੇ ਕਾਨੂੰਨ ਅਨੁਸਾਰ ਉਨ੍ਹਾ ਸਜ਼ਾ ਦਿੱਤੀ ਜਾਵੇਗੀ ਅਤੇ ਸਖਤ ਕਾਨੂੰਨ ਬਣਾਉਂਦੇ ਉਨ੍ਹਾਂ ਨੂੰ ਜੇਲ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕਰ ਲਈ ਜਾਵੇਗੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ਦੀ ਸਰਕਾਰੀ ਜ਼ਮੀਨ ਨੂੰ ਸਸਤੇ ਭਾਅ ਵੇਚਣ ਦੇ ਬਾਅਦ ‘ਪੰਜਾਬ ਰਸੋਈ’ ਯੋਜਨਾ ਸ਼ੁਰੂ ਕਰ ਕੇ ਠੱਗੀ ਕਰਨ ਲਈ ਵੀ ਬੁਰਾਈ ਕੀਤੀ ਅਤੇ ਕਿਹਾ ਕਿ ਚਾਰ ਸਾਲ ਤੱਕ ਇਸ ਸਕੀਮ ਨੂੰ ਲਾਗੂ ਨਾ ਕਰਨ ਦੇ ਬਾਅਦ ‘ਆਪ’ ਸਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਲਈ ਇਸ ਨੂੰ ਇਕ ਬੇਕਾਰ ਚਾਲ ਵਜੋਂ ਵਰਤ ਰਹੀ ਹੈ।

ਕਿਸਾਨਾਂ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਹਫਤੇ ਦੇ ਅੰਦਰ ਉਨ੍ਹਾਂ ਸਾਰਿਆਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਜਿਨ੍ਹਾਂ ਕੋਲ ਨਹੀਂ ਹਨ। ਉਨ੍ਹਾਂ ਨੇ ਹੜ੍ਹਾਂ ਨਾਲ ਨਜਿੱਠਣ ਲਈ ਦਰਿਆਵਾਂ ’ਤੇ ਪੱਕੇ ਬੰਨ੍ਹ ਬਣਾਉਣ ਦਾ ਵੀ ਐਲਾਨ ਕੀਤਾ, ਉਨ੍ਹਾਂ ਲੋਕਾਂ ਨੂੰ ਜ਼ਮੀਨ ਦੇ ਅਧਿਕਾਰ ਦੇਣ ਦਾ ਭਰੋਸਾ ਦਿੱਤਾ, ਜਿਨ੍ਹਾਂ ਨੂੰ ਹੁਣ ਤੱਕ ਇਹ ਅਧਿਕਾਰ ਨਹੀਂ ਦਿੱਤਾ ਗਿਆ ਸੀ ਅਤੇ ਜ਼ਮੀਨ ਦੇ ਸੰਯੁਕਤ ਮਾਲਕਾਨਾ ਹੱਕ ਦਾ ਮੁਫਤ ਬਟਵਾਰਾ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਵਧਾਉਣ ਦੇ ਨਾਲ-ਨਾਲ ਕਮਜ਼ੋਰ ਵਰਗਾਂ ਲਈ ਅਤੇ ਨਵੀਆਂ ਯੋਜਨਾਵਾਂ ਬਣਾਉਣ ਲਈ ਵਚਨਬੱਧ ਹਾਂ।

Read More : ਬਿਕਰਮ ਮਜੀਠੀਆ ਅਦਾਲਤ ’ਚ ਪੇਸ਼; ਡਿਸਚਾਰਜ ਪਟੀਸ਼ਨ ਕੀਤੀ ਦਾਇਰ

Leave a Reply

Your email address will not be published. Required fields are marked *