ਕਈ ਵਰ੍ਹਿਆਂ ਤੋਂ ਭਗੌੜਾ ਸੀ 77 ਸਾਲਾ ਸੀਤਾ ਰਾਮ
ਪਟਿਆਲਾ, 2 ਜੂਨ :- ਅੱਜ ਦਿੱਲੀ ਪੁਲਸ ਨੇ ਖੁਦ ਨੂੰ ਫੌਜ ਦਾ ਕਰਨਲ ਦੱਸ ਕੇ ਠੱਗੀਆਂ ਮਾਰਨ ਦੇ ਦੋਸ਼ ’ਚ ਨਾਮਜ਼ਦ ਅਤੇ ਕਈ ਸਾਲਾਂ ਤੋਂ ਭਗੌੜੇ ਚਲੇ ਆ ਰਹੇ ਬਜ਼ੁਰਗ ਨੂੰ ਪਟਿਆਲਾ ਦੇ ਬਿਰਧ ਆਸ਼ਰਮ ਤੋਂ ਕਾਬੂ ਕੀਤਾ ਹੈ।
ਦਿੱਲੀ ਪੁਲਸ ਮੁਤਾਬਕ ਹਾਊਸਿੰਗ ਆਰਗੇਨਾਈਜ਼ੇਸ਼ਨ ਨਾਲ ਸਬੰਧਤ ਧੋਖਾਦੇਹੀ ਦੇ ਮਾਮਲੇ ’ਚ ਜ਼ਮਾਨਤ ’ਤੇ ਭੱਜਣ ਤੋਂ ਬਾਅਦ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਫਰਾਰ 77 ਸਾਲਾ ਸੀਤਾ ਰਾਮ ਗੁਪਤਾ ਨੂੰ ਪੰਜਾਬ ਦੇ ਪਟਿਆਲਾ ਦੇ ਇਕ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸੀਤਾਰਾਮ ਗੁਪਤਾ, ਜੋ ਕਿ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ। ਉਹ ਭਾਰਤੀ ਫੌਜ ’ਚ ਕਰਨਲ ਵਜੋਂ ਪੇਸ਼ ਹੋ ਕੇ ਲੋਕਾਂ ਨੂੰ ਜਾਅਲੀ ਆਰਮੀ ਵੈੱਲਫੇਅਰ ਹਾਊਸਿੰਗ ਆਰਗੇਨਾਈਜ਼ੇਸ਼ਨ ਸਕੀਮਾਂ ਤਹਿਤ ਫਲੈਟ ਅਤੇ ਦੁਕਾਨਾਂ ਦੀ ਪੇਸ਼ਕਸ਼ ਕਰ ਕੇ ਠੱਗੀ ਮਾਰ ਰਿਹਾ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਅਪਰਾਧ ਸ਼ਾਖਾ) ਅਪੂਰਵ ਗੁਪਤਾ ਮੁਤਾਬਕ ਗੁਪਤਾ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਅਤੇ ਇਤਿਹਾਸ ’ਚ ਪੋਸਟ ਗ੍ਰੈਜੂਏਟ ਹੈ ਅਤੇ 2007 ’ਚ ਦਿੱਲੀ ਦੇ ਵਿਵੇਕ ਵਿਹਾਰ ਪੁਲਸ ਸਟੇਸ਼ਨ ’ਚ ਦਰਜ ਕੀਤੇ ਗਏ ਧੋਖਾਦੇਹੀ ਦੇ ਮਾਮਲੇ ’ਚ ਮੁਕੱਦਮੇ ਤੋਂ ਬਚ ਰਿਹਾ ਸੀ।
ਅਧਿਕਾਰੀ ਨੇ ਕਿਹਾ ਕਿ ਉਸ ਨੇ ਕਥਿਤ ਤੌਰ ’ਤੇ ਇਕ ਸ਼ਿਕਾਇਤਕਰਤਾ ਤੋਂ ਆਰਮੀ ਵੈੱਲਫੇਅਰ ਹਾਊਸਿੰਗ ਆਰਗੇਨਾਈਜ਼ੇਸ਼ਨ ਤਹਿਤ ਫਲੈਟ ਅਤੇ ਦੁਕਾਨ ਦੀ ਪੇਸ਼ਕਸ਼ ਕਰ ਕੇ 56,000 ਰੁਪਏ ਲਏ ਅਤੇ ਜਾਅਲੀ ਰਸੀਦਾਂ ਜਾਰੀ ਕੀਤੀਆਂ। 2007 ’ਚ ਆਪਣੀ ਗ੍ਰਿਫ਼ਤਾਰੀ ਅਤੇ ਬਾਅਦ ’ਚ ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਗੁਪਤਾ ਰੂਪੋਸ਼ ਹੋ ਗਿਆ ਅਤੇ ਅਦਾਲਤ ’ਚ ਪੇਸ਼ ਹੋਣ ’ਚ ਅਸਫਲ ਰਿਹਾ, ਜਿਸ ਕਾਰਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਇਸ ਸਾਲ 26 ਅਪ੍ਰੈਲ ਨੂੰ ਕੜਕੜਡੂਮਾ ਅਦਾਲਤ ਵੱਲੋਂ ਸੀਤਾ ਰਾਮ ਗੁਪਤਾ ਨੂੰ ਇਕ ਭਗੌੜਾ ਅਪਰਾਧੀ ਐਲਾਨਿਆ ਗਿਆ।
ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਠੇਕੇਦਾਰ ਵਜੋਂ ਕੀਤੀ ਸੀ, ਜੋ ਦੇਸ਼ ਭਰ ਦੀਆਂ ਫੌਜ ਛਾਉਣੀਆਂ ਨੂੰ ਤੇਲ ਸਪਲਾਈ ਕਰਦਾ ਸੀ। ਇਸ ਸਮੇਂ ਦੌਰਾਨ ਉਸ ਨੇ ਫੌਜ ਦੇ ਕੰਮਕਾਜ ਬਾਰੇ ਅੰਦਰੂਨੀ ਜਾਣਕਾਰੀ ਪ੍ਰਾਪਤ ਕੀਤੀ। ਬਾਅਦ ’ਚ ਉਹ ਆਪਣੇ ਆਪ ਨੂੰ ਇਕ ਸੀਨੀਅਰ ਫੌਜੀ ਅਧਿਕਾਰੀ ਦੇ ਰੂਪ ’ਚ ਪੇਸ਼ ਕਰਨ ਲੱਗ ਪਿਆ ਅਤੇ ਬੇਖਬਰ ਲੋਕਾਂ ਨੂੰ ਰੋਜ਼ਗਾਰ ਅਤੇ ਰਿਹਾਇਸ਼ੀ ਲਾਭਾਂ ਦੇ ਵਾਅਦਿਆਂ ਨਾਲ ਲੁਭਾਉਣ ਲਈ ਵਰਤਿਆ।
ਡੀ. ਸੀ. ਪੀ. ਨੇ ਕਿਹਾ ਉਹ 1987 ’ਚ ਦਿੱਲੀ ਚਲਾ ਗਿਆ ਅਤੇ ਆਪਣੇ ਆਪ ਨੂੰ ਕਰਨਲ ਵਜੋਂ ਪੇਸ਼ ਆਉਣਾ ਸ਼ੁਰੂ ਕਰ ਦਿੱਤਾ। ਉਸ ਨੇ ਫੌਜ ’ਚ ਭਰਤੀ ਅਤੇ ਏ. ਡਬਲਯੂ. ਐੱਚ. ਓ. ਰਾਹੀਂ ਰੀਅਲ ਅਸਟੇਟ ਦੇ ਮੌਕਿਆਂ ਦੇ ਬਹਾਨੇ ਕਈ ਲੋਕਾਂ ਨੂੰ ਧੋਖਾ ਦਿੱਤਾ।
ਦਿੱਲੀ ਪੁਲਸ ਨੇ ਇਕ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੂੰ ਗੁਪਤਾ ਦਾ ਪਤਾ ਲਾਉਣ ਦਾ ਕੰਮ ਸੌਂਪਿਆ ਗਿਆ ਸੀ। ਇਕ ਸੂਚਨਾ ਦੇ ਆਧਾਰ ’ਤੇ ਟੀਮ ਨੇ ਨਿਗਰਾਨੀ ਕੀਤੀ ਅਤੇ ਪਟਿਆਲਾ ਦੇ ਉਸ ਬਿਰਧ ਆਸ਼ਰਮ ’ਤੇ ਨਜ਼ਰ ਰੱਖੀ, ਜਿੱਥੇ ਉਹ ਝੂਠੀ ਪਛਾਣ ਦੇ ਆਧਾਰ ’ਤੇ ਰਹਿ ਰਿਹਾ ਸੀ।
ਉਸ ਨੇ ਆਪਣਾ ਰੂਪ ਬਦਲ ਲਿਆ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਪਰਿਵਾਰ ਨਾਲ ਸਬੰਧ ਤੋੜ ਲਏ ਸਨ। ਉਸ ਦੀ ਪਛਾਣ ਦੀ ਪੁਸ਼ਟੀ ਕਰਨ ਤੋਂ ਬਾਅਦ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਗੁਪਤਾ ਨੇ ਧੋਖਾਦੇਹੀ ਦੇ ਕਈ ਮਾਮਲਿਆਂ ’ਚ ਆਪਣੀ ਸ਼ਮੂਲੀਅਤ ਕਬੂਲ ਕੀਤੀ। ਇਸ ’ਚ ਸ਼ਕਰਪੁਰ ਪੁਲਸ ਸਟੇਸ਼ਨ ਅਤੇ ਦਿੱਲੀ ’ਚ ਅਪਰਾਧ ਸ਼ਾਖਾ ’ਚ ਦਰਜ 3 ਹੋਰ ਧੋਖਾਦੇਹੀ ਦੇ ਮਾਮਲੇ ਸ਼ਾਮਿਲ ਹਨ, ਜੋ ਕਿ ਜਾਅਲੀ ਫੌਜ ਦੀ ਨੌਕਰੀ ਦੀ ਪੇਸ਼ਕਸ਼ ਨਾਲ ਸਬੰਧਤ ਹਨ।
Read More : ਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ