ਬਠਿੰਡਾ ਪੁਲਸ ਨੇ ਯੂ. ਏ. ਈ. ਤੋਂ ਗ੍ਰਿਫਤਾਰੀ ਦੀ ਕੀਤੀ ਮੰਗ
ਬਠਿੰਡਾ, 24 ਜੂਨ :-ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।
ਬਠਿੰਡਾ ਪੁਲਸ ਨੇ ਬੀਤੇ ਦਿਨੀਂ ਦੇਰ ਸ਼ਾਮ ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਕ ਵਿਸਤ੍ਰਿਤ ਰਿਪੋਰਟ ਸੌਂਪੀ ਹੈ ਅਤੇ ਰਸਮੀ ਤੌਰ ’ਤੇ ਮਹਿਰੋਂ ਦੀ ਹਵਾਲਗੀ ਦੀ ਮੰਗ ਕੀਤੀ ਹੈ। ਕੌਮ ਦੇ ਰਾਖੇ ਨਾਮਕ ਇਕ ਕੱਟੜਪੰਥੀ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਇਸ ਸਨਸਨੀਖੇਜ਼ ਕਤਲ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ।
ਪੁਲਸ ਨੇ 17 ਜੂਨ ਨੂੰ ਸਥਾਨਕ ਅਦਾਲਤ ਤੋਂ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਵੀ ਪ੍ਰਾਪਤ ਕੀਤਾ ਸੀ। ਦੋਸ਼ ਹੈ ਕਿ ਮਹਿਰੋਂ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ’ਤੇ ਵੀਡੀਓ ਅਤੇ ਆਡੀਓ ਕਲਿੱਪ ਪੋਸਟ ਕੀਤੇ ਸਨ, ਜਿਸ ਵਿਚ ਧਮਕੀਆਂ ਅਤੇ ਇਤਰਾਜ਼ਯੋਗ ਟਿੱਪਣੀਆਂ ਵੀ ਸ਼ਾਮਲ ਸਨ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਪੁਸ਼ਟੀ ਕੀਤੀ ਕਿ ਪੁਲਸ ਵੱਲੋਂ ਬੀ. ਓ. ਆਈ. ਨੂੰ ਭੇਜੇ ਗਏ ਪੱਤਰ ਵਿਚ ਕਤਲ ਅਤੇ ਮੁਲਜ਼ਮ ਦੀ ਭੂਮਿਕਾ ਨਾਲ ਸਬੰਧਤ ਸਾਰੀ ਜਾਣਕਾਰੀ ਸ਼ਾਮਲ ਹੈ। ਇਹ ਪੱਤਰ ਇੰਟਰਪੋਲ ਦੀ ਮਦਦ ਨਾਲ ਵਿਦੇਸ਼ ਵਿਚ ਉਸਦੀ ਗ੍ਰਿਫਤਾਰੀ ਲਈ ਮਹੱਤਵਪੂਰਨ ਸਾਬਤ ਹੋਵੇਗਾ।
ਹਾਲਾਂਕਿ, ਉਸਨੇ ਪੱਤਰ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਕੰਚਨ ਕੁਮਾਰ ਦਾ ਕਤਲ 9 ਅਤੇ 10 ਜੂਨ ਦੀ ਵਿਚਕਾਰਲੀ ਰਾਤ ਨੂੰ ਕੀਤਾ ਗਿਆ ਸੀ। ਅੰਮ੍ਰਿਤਪਾਲ ਮਹਿਰੋਂ ਨੇ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਕੰਚਨ ਦਾ ਕਾਰ ਵਿਚ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਸ ਤੋਂ ਬਾਅਦ, ਉਸ ਦੀ ਲਾਸ਼ ਨੂੰ ਉਸ ਦੀ ਆਪਣੀ ਕਾਰ ਵਿਚ ਪਾ ਕੇ ਭੁੱਚੋ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਖੜ੍ਹਾ ਕਰ ਦਿੱਤਾ ਗਿਆ। ਪੁਲਸ ਦੇ ਅਨੁਸਾਰ, ਕੰਚਨ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹਵਾਲਾ ਦਿੰਦੇ ਹੋਏ ਇਹ ਕਤਲ ਕੀਤਾ ਗਿਆ ਸੀ।
ਭਾਰਤ ’ਚ ਮਹਿਰੋਂ ਨਾਲ ਸਬੰਧਤ ਘੱਟੋ-ਘੱਟ ਚਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਖਾਤਿਆਂ ਤੋਂ ਨਫਰਤ ਭਰੇ ਸੁਨੇਹੇ ਅਤੇ ਧਮਕੀਆਂ ਫੈਲਾਈਆਂ ਜਾ ਰਹੀਆਂ ਸਨ। ਇਸ ਦੇ ਬਾਵਜੂਦ, ਪੰਜਾਬ ਅਤੇ ਹਰਿਆਣਾ ਦੇ ਕਈ ਧਾਰਮਿਕ ਆਗੂਆਂ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਮਹਿਰੋਂ ਦੇ ਹੱਕ ’ਚ ਬਿਆਨ ਦਿੱਤੇ ਹਨ ਪਰ ਹੁਣ ਤਕ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਸ ਮਾਮਲੇ ’ਚ ਹੁਣ ਤਕ ਪੰਜ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਮਹਿਰੋ ਅਜੇ ਵੀ ਯੂ. ਏ. ਈ. ਵਿਚ ਲੁਕਿਆ ਹੋਇਆ ਹੈ। ਇਕ ਹੋਰ ਮੁਲਜ਼ਮ ਰਣਜੀਤ ਸਿੰਘ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ, ਫਰਾਰ ਹੈ। ਉਸ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ।
ਪੁਲਸ ਅਨੁਸਾਰ ਰਣਜੀਤ ਨੇ ਮਹਿਰੋਂ ਨੂੰ ਅੰਮ੍ਰਿਤਸਰ ਪਹੁੰਚਣ ’ਚ ਮਦਦ ਕੀਤੀ ਸੀ। ਇਸ ਦੇ ਨਾਲ ਹੀ, ਅੰਮ੍ਰਿਤਸਰ ਛੱਡਣ ਵਿਚ ਮਦਦ ਕਰਨ ਵਾਲੇ ਪੰਜਵੇਂ ਮੁਲਜ਼ਮ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਰਣਜੀਤ ਸਿੰਘ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
Read More : ਵਿਜੀਲੈਂਸ ਬਿਊਰੋ ਨੇ ਵੀ. ਸੀ. ਡਾ. ਰਾਜੀਵ ਸੂਦ ਨੂੰ ਲੰਡਨ ਜਾਣ ਤੋਂ ਰੋਕਿਆ