ਕਿਹਾ-ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਕਰ ਦਿੱਤਾ ਜਾਵੇਗਾ ਨਾਕਾਮ
ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਵਿਵਾਦ ਲੋਕਾਂ ਦਾ ਧਿਆਨ ਹਟਾਉਣ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ‘ਆਪ’ ਵੱਲੋਂ ਪੁਲਸ ਫੋਰਸ ਦੀ ਬੇਰਹਿਮੀ ਨਾਲ ਦੁਰਵਰਤੋਂ ਤੋਂ ਚਰਚਾ ਨੂੰ ਹਟਾਉਣ ਲਈ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਬਚਾਅ ਦੀ ਸਥਿਤੀ ’ਚ ਹੈ ਅਤੇ ਅਜਿਹੇ ਸਨਸਨੀਖੇਜ਼ ਪਰ ਬੇਬੁਨਿਆਦ ਦਾਅਵੇ ਇਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਅ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਹਰ ਕੋਈ ਪੁਲਸ ਫੋਰਸ ਦੀ ਦੁਰਵਰਤੋਂ ਬਾਰੇ ਗੱਲ ਕਰ ਰਿਹਾ ਸੀ ਅਤੇ ‘ਆਪ’ ਕੋਲ ਕੋਈ ਜਵਾਬ ਨਹੀਂ ਸੀ ਤਾਂ ਲੋਕਾਂ ਦਾ ਧਿਆਨ ਤੁਰੰਤ ਸਨਸਨੀਖੇਜ਼ ਦਾਅਵਿਆਂ ਨਾਲ ਭਟਕਾਇਆ ਗਿਆ, ਜਿਨ੍ਹਾਂ ਦਾ ਕੋਈ ਆਧਾਰ ਜਾਂ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ‘ਆਪ’ ਦੋਵੇਂ ਆਪਣੇ ਪੁਰਾਣੇ ਅਤੇ ਸੰਭਾਵੀ ਨੇਤਾਵਾਂ ਨੂੰ ਇਸ ਉਦੇਸ਼ ਲਈ ਵਰਤ ਕੇ ਅਜਿਹੀਆਂ ਚਾਲਾਂ ਨਾਲ ਧਿਆਨ ਭਟਕਾਉਣ ’ਚ ਮਾਹਰ ਹਨ।
ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਆਮ ਆਦਮੀ ਪਾਰਟੀ ਦਾ ਇਕ ਸਥਿਰ ਤੇ ਭਰੋਸੇਮੰਦ ਬਦਲ ਪ੍ਰਦਾਨ ਕਰਨ ਦੀ ਸਥਿਤੀ ’ਚ ਹੈ, ਜਿਸ ਨੇ ਪੰਜਾਬ ਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ। ਕਾਂਗਰਸ ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਆਗੂਆਂ ਦੁਆਰਾ ਚਲਾਈ ਜਾ ਰਹੀ ਹੈ, ਜਿਹੜੇ ‘ਆਪ’ ਸਰਕਾਰ ਦੁਆਰਾ ਡਰਾਉਣ-ਧਮਕਾਉਣ ਤੇ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਰੋਜ਼ਾਨਾ ਲੜਾਈਆਂ ਲੜ ਰਹੇ ਹਨ, ਨਾ ਕਿ ਉਨ੍ਹਾਂ ਦੁਆਰਾ ਜੋ ਚੋਣਾਂ ਸਮੇਂ ਪਾਰਟੀ ਦੇ ਸੱਤਾ ’ਚ ਵਾਪਸ ਆਉਣ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ ਹੀ ਜਾਗਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾ ਕਿਹਾ ਕਿ ਇਹ ਸਮਝਣ ਯੋਗ ਹੈ ਕਿ ਇਹ ਰੌਲਾ ਉਦੋਂ ਹੀ ਕਿਉਂ ਪਾਇਆ ਜਾ ਰਿਹਾ ਹੈ ਜਦੋਂ ਸੂਬਾ ਚੋਣਾਂ ਦੇ ਦੌਰ ’ਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ, ਜਿਹੜੀ 2027 ’ਚ ‘ਆਪ’ ਦੀ ਥਾਂ ਲੈਣ ਲਈ ਨਿਸ਼ਚਿਤ ਹੈ। ਇਸ ਲਈ ਕੁਝ ਲੋਕਾਂ ਨੇ ਆਪਣੇ ਆਪ ਦਾ ਕੋਈ ਆਧਾਰ ਨਾ ਹੋਣ ਕਰਕੇ ਸਾਡੇ ਦੁਸ਼ਮਣਾਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਹੈ।
ਅਜਿਹੇ ਬਿਆਨ ਕਿਤੇ ਹੋਰ ਲਿਖੇ ਗਏ ਹਨ ਤਾਂ ਜੋ ‘ਆਪ’ ਸਰਕਾਰ ਵੱਲੋਂ ਕਾਨੂੰਨ ਅਤੇ ਪੁਲਸ ਦੀ ਕੀਤੀ ਜਾ ਰਹੀ ਦੁਰਵਰਤੋਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ, ਜਿਸ ਲਈ ਉਸ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ।
Read More : ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ ਲੈ ਕੇ ਬਲੋਚਿਸਤਾਨ ’ਚ ਬਵਾਲ
