ਗੈਂਗਸਟਰਾਂ ਵਿਰੁੱਧ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਮੁੱਖ ਮੰਤਰੀ
ਅੰਮ੍ਰਿਤਸਰ, 15 ਨਵੰਬਰ : ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਮਨਿੰਦਰ ਸਿੰਘ 2019 ਬੈਚ ਦਾ ਆਈ. ਪੀ. ਐੱਸ. ਅਧਿਕਾਰੀ ਹੈ। ਇਹ ਕਦਮ ਚੁੱਕ ਕੇ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਕਾਨੂੰਨ-ਵਿਵਸਥਾ ਨਾਲ ਸਮਝੌਤਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ’ਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦੇ ਦੋਸ਼ ਲੱਗ ਰਹੇ ਸਨ। ਮੁੱਖ ਮੰਤਰੀ ਨੇ ਇਹ ਕਾਰਵਾਈ ਤਰਨਤਾਰਨ ਉਪ-ਚੋਣ ਦਾ ਨਤੀਜਾ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਹੀ ਕਰ ਦਿੱਤੀ। ਸਰਕਾਰ ਨੂੰ ਸ਼ਿਕਾਇਤ ਮਿਲੀ ਸੀ ਕਿ ਐੱਸ. ਐੱਸ. ਪੀ. ਨੇ ਗੈਂਗਸਟਰਾਂ ਵਿਰੁੱਧ ਢਿੱਲੀ ਕਾਰਵਾਈ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿਚ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਚੁੱਕੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਐੱਸ. ਐੱਸ. ਪੀ. ਨੇ ਕਿਹੜੇ ਗੈਂਗਸਟਰਾਂ ਵਿਰੁੱਧ ਢਿੱਲੀ ਕਾਰਵਾਈ ਕੀਤੀ ਸੀ ਜਾਂ ਨਰਮ ਰਵੱਈਆ ਅਪਣਾਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਦਮ ਨੇ ਪੂਰੇ ਪ੍ਰਸ਼ਾਸਨਿਕ ਅਤੇ ਪੁਲਸ ਤੰਤਰ ਵਿਚ ਹਲਚਲ ਮਚਾ ਦਿੱਤੀ ਹੈ।
ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਗੈਂਗਸਟਰਾਂ ਦੇ ਮਾਮਲੇ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਮਨਿੰਦਰ ਸਿੰਘ ਨੂੰ ਸਸਪੈਂਡ ਇਸ ਲਈ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਇਲਾਕੇ ਵਿਚ ਗੈਂਗਸਟਰ ਗਤੀਵਿਧੀਆਂ ਵਧ ਰਹੀਆਂ ਸਨ ਅਤੇ ਸੰਗਠਿਤ ਅਪਰਾਧ ਦੀ ਜਾਂਚ ਵਿਚ ਕਈ ਖਾਮੀਆਂ ਪਾਈਆਂ ਗਈਆਂ ਸਨ।
ਸੂਬਾ ਸਰਕਾਰ ਨੇ ਇਹ ਕਾਰਵਾਈ ਵੱਖ-ਵੱਖ ਏਜੰਸੀਆਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਕੀਤੀ ਹੈ। ਤਰਨਤਾਰਨ ਉਪ-ਚੋਣ ਦੌਰਾਨ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕੀਤਾ ਜਾਵੇਗਾ ਅਤੇ ਉਪ-ਚੋਣ ਤੋਂ ਬਾਅਦ ਗੈਂਗਸਟਰਾਂ ਵਿਰੁੱਧ ਸਖ਼ਤ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ ਸੀ।
Read More : ਸਰਕਾਰ ਵੱਲੋਂ 67 ਬਾਲਗ ਵਿਅਕਤੀਆਂ ਨੂੰ ਲੀਗਲ ਗਾਰਡੀਅਨਸ਼ਿਪ ਸਰਟੀਫਿਕੇਟ ਜਾਰੀ
