ਟਿਊਬਵੈੱਲ, ਟੈਂਕੀ ਅਤੇ ਵਾਟਰ ਸਪਲਾਈ ਪ੍ਰੋਜੈਕਟ ’ਤੇ ਖਰਚੇ ਜਾਣਗੇ 3.91 ਕਰੋੜ ; 600 ਘਰਾਂ ਨੂੰ ਹੋਵੇਗਾ ਲਾਭ
ਸੰਗਰੂਰ, 22 ਜੂਨ : ਜ਼ਿਲਾ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਗਾਹੂ ਪੱਤੀ ਲੌਂਗੋਵਾਲ ਵਿਖੇ ਕਰੀਬ 03.91 ਕਰੋੜ ਰੁਪਏ ਦੀ ਲਾਗਤ ਵਾਲੇ ਟਿਊਬਵੈੱਲ, ਟੈਂਕੀ ਅਤੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਤਹਿਤ 03 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਜਾਣੀ ਹੈ ਅਤੇ ਇਸ ਨਾਲ 600 ਘਰਾਂ ਨੂੰ ਪਾਣੀ ਪੁੱਜੇਗਾ। ਇਸ ਮੌਕੇ ਉਨ੍ਹਾਂ ਨੇ ਬੱਸ ਅੱਡਾ ਲੌਂਗੋਵਾਲ ਨੇੜੇ ਕਰੀਬ 01 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ 800 ਸਟਰੀਟ ਲਾਈਟਾਂ ਲਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪ੍ਰੋਜੈਕਟਾਂ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ ਹੋਵੇ ਤਾਂ ਕਿਸੇ ਵੀ ਕੰਮ ’ਚ ਅੜਿੱਕਾ ਨਹੀਂ ਲਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜ੍ਹਦੇ ਹਨ। ਪੰਜਾਬ ਸਰਕਾਰ ਵੀ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਮੰਗ ਲੌਂਗੋਵਾਲ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਵਿਕਾਸ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਹੋ ਰਿਹਾ ਹੈ, ਉਹ ਪੂਰੇ ਸੂਬੇ ਲਈ ਮਿਸਾਲ ਬਣਿਆ ਹੋਇਆ ਹੈ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ’ਚ ਲਿਆਂਦੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਰਕਸੰਗਤ ਢੰਗ ਨਾਲ ਲੋੜ ਮੁਤਾਬਕ ਲਾਈਟਾਂ ਲਾਈਆਂ ਜਾਣ। ਸਾਂਝੀਆਂ ਥਾਵਾਂ ਉੱਤੇ ਲਾਈਟਾਂ ਲਾਉਣ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਨ੍ਹਾਂ ’ਚੋਂ ਕਈ ਮੌਕੇ ’ਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਪਰਮਿੰਦਰ ਕੌਰ ਬਰਾੜ ਪ੍ਰਧਾਨ, ਜਸਪ੍ਰੀਤ ਕੌਰ ਸੀਨੀਅਰ ਮੀਤ ਪ੍ਰਧਾਨ, ਸੁਸ਼ਮਾ ਰਾਣੀ ਮੀਤ ਪ੍ਰਧਾਨ, ਮੇਲਾ ਸਿੰਘ ਐੱਮ. ਸੀ., ਗੁਰਮੀਤ ਫੌਜੀ ਐੱਮ. ਸੀ., ਰੀਨਾ ਰਾਣੀ ਐੱਮ. ਸੀ., ਬਲਵਿੰਦਰ ਸਿੰਘ ਐੱਮ. ਸੀ., ਸੁਖਪਾਲ ਬਾਜਵਾ, ਈ. ਓ. ਬਾਲ ਕ੍ਰਿਸ਼ਨ, ਐੱਸ. ਡੀ. ਓ. ਸੀਵਰੇਜ ਬੋਰਡ ਹਾਜ਼ਰ ਸਨ।
Read More : ਕਬੂਤਰਬਾਜ਼ੀ ’ਤੇ ਰੋਕ