ਕਿਹਾ-ਇਹ ਸੂਬੇ ਦਾ ਪਹਿਲਾ ਅਤੀ ਆਧੁਨਿਕ ਤਕਨੀਕ ਨਾਲ ਤਿਆਰ ਹੋਇਆ ਬੱਸ ਅੱਡਾ
ਸੁਨਾਮ, 14 ਸਤੰਬਰ : ਸੰਤ ਅਤਰ ਸਿੰਘ ਜੀ ਦੀ ਜਨਮ ਨਗਰੀ ਚੀਮਾ ਮੰਡੀ ਵਿਖੇ ਪੰਜ ਕਰੋੜ ਦੀ ਲਾਗਤ ਨਾਲ ਅਤਿ ਆਧੁਨਿਕ ਤਕਨੀਕ ਨਾਲ ਤਿਆਰ ਹੋਏ ਸੰਤ ਅਤਰ ਸਿੰਘ ਬੱਸ ਅੱਡੇ ਦਾ ਉਦਘਾਟਨ ਕੈਬਨਿਟ ਵਜ਼ੀਰ ਅਤੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਵਿਧਾਇਕ ਅਮਨ ਅਰੋੜਾ ਨੇ ਕੀਤਾ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦਾ ਇਹ ਪਹਿਲਾ ਅਤੀ ਆਧੁਨਿਕ ਤਕਨੀਕ ਨਾਲ ਤਿਆਰ ਹੋਇਆ ਬੱਸ ਅੱਡਾ ਹੈ, ਜਿਸ ਵਿਚ ਵਿਦਿਆਰਥੀਆਂ ਦੇ ਖੇਡਣ ਲਈ ਇੰਡੋਰ ਸਟੇਡੀਅਮ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਚੀਮਾ ਮੰਡੀ ਦਾ ਬਿਲਕੁਲ ਵੀ ਵਿਕਾਸ ਨਹੀਂ ਕੀਤਾ ਗਿਆ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ ਚੀਮਾ ਮੰਡੀ ਦੇ ਵਿਕਾਸ ਤੇ 68 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਉਹਨਾਂ ਕਿਹਾ ਕਿ ਇਸ ਬੱਸ ਅੱਡੇ ਦੀ ਆਮਦਨ ਸਿੱਧੇ ਤੌਰ ‘ਤੇ ਨਗਰ ਪੰਚਾਇਤ ਚੀਮਾ ਦੇ ਖਾਤੇ ਵਿੱਚ ਜਾਵੇਗੀ। ਚੀਮਾ ਮੰਡੀ ਤੋਂ ਤਕਰੀਬਨ ਦੋ ਕਿਲੋਮੀਟਰ ਦੀ ਦੂਰ ਤੇ ਪੈਂਦੇ ਖੂਨੀ ਮੋੜਾਂ ਨੂੰ ਸਿੱਧਾ ਕਰਨ ਵਾਲੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਦਖਲ ਦੇ ਕੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੂਰੀ ਪੂਰੀ ਤਰ੍ਹਾਂ ਸਹਿਮਤ ਹਨ,ਇਸ ਦਾ ਹੱਲ ਜਲਦੀ ਹੋਣ ਦੀ ਸੰਭਾਵਨਾ ਹੈ।
ਉਹਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ ਪੀੜਤਾਂ ਲਈ ਐਲਾਨ ਕੀਤੀ ਰਾਸ਼ੀ ਨਾਕਾਫ਼ੀ ਹੈ ਜਦਕਿ ਨੁਕਸਾਨ 20 ਹਜਾਰ ਕਰੋੜ ਰੁਪਏ ਦਾ ਹੋਇਆ ਹੈ।ਇਸ ਮੌਕੇ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬਲਜਿੰਦਰ ਕੌਰ ਆਪ ਪ੍ਰਭਾਰੀ ਬੀਰਬਲ ਸਿੰਘ, ਮਾਰਕੀਟ ਕਮੇਟੀ ਚੀਮਾ ਦੇ ਪ੍ਰਧਾਨ ਦਰਸ਼ਨ ਸਿੰਘ ਗੀਤੀ ਮਾਨ,ਐਸਡੀਐਮ ਸੁਨਾਮ ਪ੍ਰਮੋਦ ਕੁਮਾਰ, ਪੀ.ਡਬਲਯੂ.ਡੀ, ਪੀਆਰਟੀਸੀ ਦੇ ਅਧਿਕਾਰੀ, ਨਗਰ ਪੰਚਾਇਤ ਦੇ ਸਮੂਹ ਐਮਸੀ ਸਾਹਿਬਾਨ ਆਦਿ ਮੌਜੂਦ ਸਨ।
Read More : ਦੂਜੇ ਸੂਬਿਆਂ ਦੇ ਲੋਕਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ 10 ਦਿਨ ਦਾ ਸਮਾਂ
