ਨਾਭਾ, 30 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਉਸ ਸਮੇਂ ਨਾਮੋਸ਼ੀ ਝਲਣੀ ਪਈ, ਜਦੋਂ ਨਾਭਾ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨਾ ਕਰਨ ਦਿੱਤੀ ਗਈ।
ਦੱਸਣਯੋਗ ਹੈ ਕਿ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਸੂਬਾਈ ਆਗੂ ਅਸ਼ੋਕ ਬਾਂਸਲ ਅਤੇ ਹਲਕਾ ਨਾਭਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਵਫਦ ਨਾਭਾ ਜੇਲ ਵਿਖੇ ਨਜ਼ਰਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਲਈ ਨਾਭਾ ਪੁੱਜੇ। ਨਾਭਾ ਜੇਲ ਪ੍ਰਸ਼ਾਸਨ ਅੱਗੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਦੀ ਅਪੀਲ ਨੂੰ ਨਾਭਾ ਜੇਲ ਪ੍ਰਸ਼ਾਸਨ ਨੇ ਖਾਰਿਜ ਕਰ ਦਿੱਤਾ।
ਜੇਲ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾ ਅਤੇ ਵਕੀਲ ਨੂੰ ਮੁਲਾਕਾਤ ਕਰਨ ਦੀ ਸਹੂਲਤ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਸੁਰੱਖਿਆ ਅਤੇ ਜੇਲ ਮੈਨੁਅਲ ਅਨੁਸਾਰ ਕਿਸੇ ਹੋਰ ਵਿਅਕਤੀ ਨੂੰ ਜੇਲ ਅੰਦਰ ਬੰਦ ਵਿਅਕਤੀ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਮਿਲਦੀ ਹੈ।
ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਨਾਭਾ ਜੇਲ ਦੇ ਨੌਜਵਾਨ ਜੇਲਰ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਮੁਲਾਕਾਤ ਸਿਰਫ ਪਰਿਵਾਰਕ ਮੈਂਬਰ ਜਾਂ ਫਿਰ ਵਕੀਲ ਕਰ ਸਕਦੇ ਹਨ। ਅਸੀਂ ਜੇਲ ਮੈਨੁਅਲ ਦੇ ਨਿਯਮਾਂ ਅਨੁਸਾਰ ਹੀ ਮੁਲਾਕਾਤ ਕਰਵਾ ਰਹੇ ਹਾਂ, ਜਿਸ ਅਨੁਸਾਰ ਪਰਿਵਾਰਕ ਮੈਂਬਰ ਸੋਮਵਾਰ ਅਤੇ ਵੀਰਵਾਰ ਨੂੰ ਮੁਲਾਕਾਤ ਕਰ ਸਕਦੇ ਹਨ।
ਇਸ ਮੌਕੇ ਸਾਬਕਾ ਚੇਅਰਮੈਨ ਜੀ. ਐੱਸ. ਬਿੱਲੂ, ਐਡਵੋਕੇਟ ਜਗਦੀਸ਼ ਲਾਲਕਾ, ਸਾਬਕਾ ਚੇਅਰਮੈਨ ਜੀ. ਐੱਸ. ਘਮਰੌਦਾ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸਰਬਜੀਤ ਸਿੰਘ ਧੀਰੋਮਾਜਰਾ, ਅਮਰੀਕ ਸਿੰਘ ਥੂਹੀ, ਗੁਰਜੰਟ ਸਿੰਘ ਸਹੋਲੀ, ਅਮਰੀਕ ਸਿੰਘ ਛੀਟਾਂਵਾਲਾ, ਲਖਵਿੰਦਰ ਸਿੰਘ ਕਮੇਲੀ, ਪਰਮਜੀਤ ਸਿੰਘ ਥੂਹੀ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਰਹੇ।
Read More : ਮੋਰਿੰਡਾ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਮੰਤਰੀ ਡਾ. ਰਵਜੋਤ