ਬੁਢਲਾਡਾ ਰੈਲੀ ‘ਚ ਵੱਡੇ ਐਲਾਨ: ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗਾ ਚਾਰਾ ਤੇ ਸਹਾਇਤਾ; ਮਾਨਸਾ ‘ਚ ਏਮਜ਼ ਪੱਧਰ ਦਾ ਹਸਪਤਾਲ ਤੇ ਵੈਟਰਨਰੀ ਕਾਲਜ ਖੋਲ੍ਹਣ ਦਾ ਵਾਅਦਾ
ਬੁਢਲਾਡਾ, 7 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੁਢਲਾਡਾ ਵਿਖੇ ‘ਪੰਜਾਬ ਬਚਾਓ ਮੁਹਿੰਮ’ ਤਹਿਤ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਉਨ੍ਹਾਂ ਕਿਸਾਨਾਂ ਦੀ ਬਾਂਹ ਫੜੇਗੀ ਜਿਨ੍ਹਾਂ ਦੀ ਫ਼ਸਲ ਬੇਮੌਸਮੀ ਮੀਂਹ ਕਾਰਨ ਬਰਬਾਦ ਹੋਈ ਹੈ। ਉਨ੍ਹਾਂ ਕਿਹਾ ਕਿ ਕਰੀਬ 1.25 ਲੱਖ ਏਕੜ ਰਕਬੇ ਵਿੱਚ ਕਣਕ ਦੀ ਫ਼ਸਲ ਤਬਾਹ ਹੋ ਚੁੱਕੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਨਾਲ-ਨਾਲ ਹਰਾ ਅਤੇ ਸੁੱਕਾ ਚਾਰਾ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਹੈ, ਜਿਸ ਦੀ ਰੂਪਰੇਖਾ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਲ ਦੇ ਹੜ੍ਹਾਂ ਦਾ ਮੁਆਵਜ਼ਾ ਵੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ।
ਮੁੱਖ ਮੰਤਰੀ ਵੱਲੋਂ ਬੇਅਦਬੀ ਮਾਮਲਿਆਂ ਲਈ ਜ਼ਿੰਮੇਵਾਰ ਠਹਿਰਾਉਣ ‘ਤੇ ਸੁਖਬੀਰ ਨੇ ਕਿਹਾ, “ਜੇਕਰ ਮੈਂ ਜ਼ਿੰਮੇਵਾਰ ਹਾਂ ਤਾਂ ਮੇਰੇ ਖ਼ਿਲਾਫ਼ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾਂਦਾ?” ਉਨ੍ਹਾਂ ਮਾਨਸਾ ਵਿੱਚ ਪਸ਼ੂ ਚਿਕਿਤਸਾ ਕਾਲਜ, ਏਮਜ਼ ਪੱਧਰ ਦਾ ਹਸਪਤਾਲ ਅਤੇ ਪਸ਼ੂ ਪਾਲਣ ਫਾਰਮਾਂ ਲਈ 75 ਫ਼ੀਸਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ।
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਅਕਾਲੀ ਦਲ ਲਈ ਢਾਲ ਬਣ ਕੇ ਖੜ੍ਹੇ ਰਹੇ ਹਨ। ਉਨ੍ਹਾਂ ਪਿਛਲੀ ਅਕਾਲੀ ਸਰਕਾਰ ਵੱਲੋਂ ਬੁਢਲਾਡਾ ਵਿੱਚ ਸਿੰਚਾਈ ਪ੍ਰਾਜੈਕਟਾਂ ‘ਤੇ ਖਰਚ ਕੀਤੇ 800 ਕਰੋੜ ਰੁਪਏ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਭੂੰਦੜ, ਠੇਕੇਦਾਰ ਗੁਰਪਾਲ ਸਿੰਘ, ਪ੍ਰੇਮ ਕੁਮਾਰ ਅਰੋੜਾ, ਜਤਿੰਦਰ ਸਿੰਘ ਸੋਢੀ, ਸੁਖਵਿੰਦਰ ਕੌਰ ਸੁੱਖੀ ਅਤੇ ਹਰਮੇਲ ਸਿੰਘ ਕਲੀਪੁਰ ਸਮੇਤ ਕਈ ਦਿੱਗਜ ਆਗੂ ਹਾਜ਼ਰ ਸਨ।
Read More : ਖ਼ਾਕੀ ਦੀ ਆੜ ‘ਚ ਠੱਗੀਆਂ ਮਾਰਨ ਵਾਲਾ ਨਕਲੀ ਮੁਲਾਜ਼ਮ 2 ਸਾਥੀਆਂ ਸਮੇਤ ਕਾਬੂ
