ਭਗਵੰਤ ਮਾਨ

ਅਕਾਲੀ-ਕਾਂਗਰਸ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ : ਭਗਵੰਤ ਮਾਨ

ਕਿਹਾਹੁਣ ‘ਆਪ’ ਦਾ ਨਵਾਂ ਇੰਜਣ ਸੂਬੇ ਨੂੰ ਤਰੱਕੀ ਦੀ ਰਾਹ ’ਤੇ ਪਾਵੇਗਾ

ਮੁੱਖ ਮੰਤਰੀ ਵੱਲੋਂ ਸਰਦੂਲਗੜ੍ਹ ਵਿਖੇ 24.50 ਕਰੋੜ ਦੀ ਲਾਗਤ ਵਾਲੀ ਸਰਕਾਰੀ ਆਈ.ਟੀ.ਆਈ. ਦਾ ਨੀਂਹ ਪੱਥਰ

ਮਾਨਸਾ, 25 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਨੇ ਜਾਣ-ਬੁੱਝ ਕੇ ਪੰਜਾਬ ਦੇ ਬੱਚਿਆਂ ਨੂੰ ਅਨਪੜ੍ਹ ਰੱਖਿਆ ਤਾਂ ਜੋ ਸਿਆਸੀ ਪਰਿਵਾਰ ਵਧਦੇ-ਫੁੱਲਦੇ ਰਹਿਣ। ਸਰਦੂਲਗੜ੍ਹ ਵਿਖੇ ਸਰਕਾਰੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਕਦੇ ਵੀ ਲੋਕਾਂ ਦੀ ਤਰੱਕੀ ਦੀ ਚਿੰਤਾ ਨਹੀਂ ਸੀ, ਸਗੋਂ ਉਹ ਸਿਰਫ਼ ਆਪਣੇ ਧੀਆਂ-ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੱਤਾ ਦਿਵਾਉਣ ਵਿੱਚ ਮਸਰੂਫ ਰਹੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਜਰੀਵਾਲ ਦੇ ‘ਨਵੇਂ ਇੰਜਣ’ ਨੇ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਪਾ ਦਿੱਤਾ ਹੈ, ਜਦਕਿ ਭਾਜਪਾ, ਅਕਾਲੀ ਅਤੇ ਕਾਂਗਰਸ ਦੇ ਇੰਜਣ ਹੁਣ ਪੁਰਾਣੇ ਹੋ ਚੁੱਕੇ ਹਨ। ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵਾਂ ਪਾਰਟੀ ਦੂਜੀਆਂ ਪਾਰਟੀਆਂ ਦੇ ਦਲਬਦਲੂਆਂ ਦੇ ਸਹਾਰੇ ਚੋਣਾਂ ਜਿੱਤਣ ਦੇ ਸੁਪਨੇ ਦੇਖ ਰਹੀ ਹੈ, ਪਰ ਖਰਾਬ ਪੁਰਜ਼ਿਆਂ ਵਾਲਾ ਇਹ ਇੰਜਣ ਪੰਜਾਬ ਵਿੱਚ ਨਹੀਂ ਚੱਲੇਗਾ।

ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਨੂੰ ‘ਪਰਿਵਾਰ ਬਚਾਓ ਯਾਤਰਾ’ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇੱਕ ਅਜਿਹਾ ਡਾਇਨਾਸੋਰ ਹੈ ਜਿਸ ਨੇ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਹੜੱਪ ਲਈ। ਉਨ੍ਹਾਂ ਅਕਾਲੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਹੁਣ ਉਹ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਸਾਨੀ ਅੰਦੋਲਨ ਦੌਰਾਨ ਅਕਾਲੀਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਕੀਤੇ ਸਮਰਥਨ ਦਾ ਵੀ ਜ਼ਿਕਰ ਕੀਤਾ।

ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਕੂਲਾਂ ਨੂੰ ‘ਮਿਡ-ਡੇਅ ਮੀਲ ਕੇਂਦਰਾਂ’ ਤੋਂ ਬਦਲ ਕੇ ‘ਸਿੱਖਿਆ ਦੇ ਕੇਂਦਰਾਂ’ ਵਿੱਚ ਤਬਦੀਲ ਕਰ ਦਿੱਤਾ ਹੈ। 118 ‘ਸਕੂਲ ਆਫ ਐਮੀਨੈਂਸ’ ਸਥਾਪਿਤ ਕੀਤੇ ਗਏ ਹਨ ਅਤੇ ਅਧਿਆਪਕਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਸਿਖਲਾਈ ਲਈ ਭੇਜਿਆ ਗਿਆ ਹੈ। ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

ਸਰਦੂਲਗੜ੍ਹ ਅਤੇ ਮਾਨਸਾ ਲਈ ਵੱਡੇ ਤੋਹਫ਼ੇ

ਸਰਕਾਰੀ ਆਈ.ਟੀ.ਆਈ. (ਪਿੰਡ ਫਤਿਹਗੜ੍ਹ ਸਾਹਨੇਵਾਲੀ): 24.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਸੰਸਥਾ ਵਿੱਚ ਹਰ ਸਾਲ 240 ਬੱਚੇ ਹੁਨਰਮੰਦ ਬਣਨਗੇ।

ਘੱਗਰ ਨਦੀ ’ਤੇ ਪਿੰਡ ਭਲੂਆਣਾ (12.03 ਕਰੋੜ) ਅਤੇ ਪਿੰਡ ਬਾਰਨ (5.28 ਕਰੋੜ) ਵਿਖੇ ਦੋ ਨਵੇਂ ਪੁਲ ਬਣਾਏ ਜਾਣਗੇ। ਮਾਨਸਾ-ਤਲਵੰਡੀ ਸਾਬੋ ਸੜਕ ਨੂੰ 31.20 ਕਰੋੜ ਨਾਲ ਅਪਗ੍ਰੇਡ ਕੀਤਾ ਜਾਵੇਗਾ।

ਹਸਪਤਾਲ : ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਨੂੰ 100 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅਪਗ੍ਰੇਡ ਕੀਤਾ ਜਾਵੇਗਾ।

ਮੇਰੀ ਰਸੋਈ ਯੋਜਨਾ : ਅਪ੍ਰੈਲ ਤੋਂ 40 ਲੱਖ ਪਰਿਵਾਰਾਂ ਨੂੰ ਹਰੇਕ ਤਿਮਾਹੀ ਮੁਫ਼ਤ ਰਾਸ਼ਨ ਕਿੱਟਾਂ (ਦਾਲ, ਖੰਡ, ਲੂਣ, ਹਲਦੀ ਅਤੇ ਸਰ੍ਹੋਂ ਦਾ ਤੇਲ) ਦਿੱਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 63,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ ਵਧਾ ਕੇ 68 ਫੀਸਦੀ ਕਰਨ ਅਤੇ ਨਿੱਜੀ ਥਰਮਲ ਪਲਾਂਟ ਖਰੀਦਣ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ।

ਇਸ ਮੌਕੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ।

Read More : Eng ਬਨਾਮ Pak : ਹੈਰੀ ਬਰੂਕ ਦਾ ਤੂਫ਼ਾਨੀ ਸੈਂਕੜਾ : ਇੰਗਲੈਂਡ ਸੈਮੀਫਾਈਨਲ ‘ਚ

Leave a Reply

Your email address will not be published. Required fields are marked *