ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਉਡਾਣਾਂ ਬਹਾਲ; ਯੂਏਈ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਮਿਲੀ ਵੱਡੀ ਰਾਹਤ
ਅਬੂਧਾਬੀ, 3 ਮਾਰਚ : ਪੱਛਮੀ ਏਸ਼ੀਆ ਖੇਤਰ ਵਿਚ ਚੱਲ ਰਹੇ ਤਣਾਅ ਅਤੇ ਸੰਘਰਸ਼ ਕਾਰਨ ਪ੍ਰਭਾਵਿਤ ਹੋਈਆਂ ਹਵਾਈ ਸੇਵਾਵਾਂ ਹੁਣ ਹੌਲੀ-ਹੌਲੀ ਪਟਰੀ ‘ਤੇ ਪਰਤਣੀਆਂ ਸ਼ੁਰੂ ਹੋ ਗਈਆਂ ਹਨ। ਦੁਬਈ ਅਤੇ ਅਬੂ ਧਾਬੀ ਤੋਂ ਭਾਰਤ ਲਈ ਉਡਾਣਾਂ ਕੱਲ੍ਹ ਰਾਤ ਤੋਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਖਾਸ ਕਰਕੇ ਦਿੱਲੀ, ਮੁੰਬਈ ਅਤੇ ਬੈਂਗਲੁਰੂ ਜਾਣ ਵਾਲੀਆਂ ਉਡਾਣਾਂ ਦੇ ਬਹਾਲ ਹੋਣ ਨਾਲ ਯੂਏਈ ਵਿੱਚ ਕਈ ਦਿਨਾਂ ਤੋਂ ਫਸੇ ਹਜ਼ਾਰਾਂ ਭਾਰਤੀ ਯਾਤਰੀਆਂ ਨੇ ਸੁਖ ਦਾ ਸਾਹ ਲਿਆ ਹੈ।
ਦੁਬਈ ਮੀਡੀਆ ਦਫਤਰ ਨੇ ਸੋਸ਼ਲ ਮੀਡੀਆ ਰਾਹੀਂ ਪੁਸ਼ਟੀ ਕੀਤੀ ਹੈ ਕਿ ਦੁਬਈ ਹਵਾਈ ਅੱਡਿਆਂ ‘ਤੇ ਕੱਲ੍ਹ ਸ਼ਾਮ ਤੋਂ ਸੀਮਤ ਉਡਾਣਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਫਿਲਹਾਲ ਦੁਬਈ ਇੰਟਰਨੈਸ਼ਨਲ ਏਅਰਪੋਰਟ (DXB) ਅਤੇ ਦੁਬਈ ਵਰਲਡ ਸੈਂਟਰਲ – ਅਲ ਮਕਤੂਮ ਇੰਟਰਨੈਸ਼ਨਲ ਏਅਰਪੋਰਟ (DWC) ਤੋਂ ਸਿਰਫ਼ ਕੁਝ ਖਾਸ ਉਡਾਣਾਂ ਨੂੰ ਹੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਲਈ ਵਿਸ਼ੇਸ਼ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਦੁਬਈ ਇੰਟਰਨੈਸ਼ਨਲ ਏਅਰਪੋਰਟ ਜਾਂ ਦੁਬਈ ਵਰਲਡ ਸੈਂਟਰਲ – ਅਲ ਮਕਤੂਮ ਇੰਟਰਨੈਸ਼ਨਲ ਹਵਾਈ ਅੱਡਿਆਂ ਲਈ ਉਦੋਂ ਤੱਕ ਰਵਾਨਾ ਨਾ ਹੋਣ, ਜਦੋਂ ਤੱਕ ਉਨ੍ਹਾਂ ਦੀ ਸਬੰਧਤ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਉਡਾਣ ਦੇ ਨਿਸ਼ਚਿਤ ਸਮੇਂ ਬਾਰੇ ਪੁਸ਼ਟੀ ਨਹੀਂ ਕਰ ਦਿੱਤੀ ਜਾਂਦੀ। ਸਥਿਤੀ ਨੂੰ ਦੇਖਦੇ ਹੋਏ ਫਿਲਹਾਲ ਉਡਾਣਾਂ ਦਾ ਸੰਚਾਲਨ ਸੀਮਤ ਰੱਖਿਆ ਗਿਆ ਹੈ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Read More : ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ‘ਗ੍ਰੀਨ ਹੋਲਾ ਮਹੱਲਾ’ ਮਨਾਉਣ ਦਾ ਐਲਾਨ
