ਪਰਿਵਾਰ ਨੇ ਐੱਸ.ਐੱਚ.ਓ. ’ਤੇ ਲਾਏ ਮਾਵਾਂ-ਭੈਣਾਂ ਦੀ ਬੇਇੱਜ਼ਤੀ ਕਰਨ ਦੇ ਗੰਭੀਰ ਦੋਸ਼; ਬਰਨਾਲਾ ’ਚ ਸਿਆਸੀ ਆਗੂਆਂ ਵੱਲੋਂ ਧਰਨਾ
ਬਰਨਾਲਾ, 22 ਮਾਰਚ : ਜ਼ਿਲਾ ਬਰਨਾਲਾ ਦੇ ਪਿੰਡ ਰਾਜਗੜ੍ਹ ਵਿਖੇ ਇਕ ਨੌਜਵਾਨ ਮਨਜਿੰਦਰ ਸਿੰਘ ਨੇ ਪੁਲਸ ਦੀ ਕਥਿਤ ਬਦਸਲੂਕੀ ਅਤੇ ਪਰਿਵਾਰਕ ਔਰਤਾਂ ਦੀ ਬੇਇੱਜ਼ਤੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਸਪਰੇਅ ਪੀ ਕੇ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੀੜਤ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਗਲੀ ਬਣਾਉਣ ਸਬੰਧੀ ਚੱਲ ਰਹੇ ਵਿਵਾਦ ਦੌਰਾਨ ਇਕ ਪੰਚਾਇਤ ਮੈਂਬਰ ਨੇ ਪੁਲਸ ਬੁਲਾਈ ਸੀ। ਦੋਸ਼ ਹੈ ਕਿ ਮੌਕੇ ’ਤੇ ਪਹੁੰਚੇ ਐੱਸ.ਐੱਚ.ਓ. ਨੇ ਮਾਮਲਾ ਸੁਲਝਾਉਣ ਦੀ ਥਾਂ ਪਰਿਵਾਰ ਦੀਆਂ ਔਰਤਾਂ ਲਈ ਅਸ਼ਲੀਲ ਸ਼ਬਦਾਵਲੀ ਵਰਤੀ ਅਤੇ ਭਰੀ ਪੰਚਾਇਤ ’ਚ ਗਾਲੀ-ਗਲੋਚ ਕੀਤਾ। ਆਪਣੀਆਂ ਮਾਵਾਂ-ਭੈਣਾਂ ਦਾ ਇਹ ਅਪਮਾਨ ਮਨਜਿੰਦਰ ਸਿੰਘ ਸਹਿਣ ਨਹੀਂ ਕਰ ਸਕਿਆ ਅਤੇ ਉਸ ਨੇ ਘਰ ਪਈ ਸਪਰੇਅ ਪੀ ਲਈ।
ਪੀੜਤ ਪਰਿਵਾਰ ਨੇ ਇਸ ਮਾਮਲੇ ’ਚ ਸੱਤਾਧਾਰੀ ਧਿਰ ਦੇ ਇਕ ਸਥਾਨਕ ਆਗੂ ’ਤੇ ਵੀ ਸਿਆਸੀ ਦਖ਼ਲਅੰਦਾਜ਼ੀ ਦੇ ਦੋਸ਼ ਲਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਨੌਜਵਾਨ ਦੀ ਜਾਨ ਨੂੰ ਕੁਝ ਹੁੰਦਾ ਹੈ ਤਾਂ ਐੱਸ.ਐੱਚ.ਓ., ਪੰਚਾਇਤ ਮੈਂਬਰ ਅਤੇ ਉਕਤ ਸਿਆਸੀ ਆਗੂ ਜ਼ਿੰਮੇਵਾਰ ਹੋਣਗੇ। ਇਸ ਘਟਨਾ ਦੇ ਵਿਰੋਧ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਧਰਨਾ ਵੀ ਦਿੱਤਾ ਗਿਆ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਐੱਸ.ਪੀ. ਬਲਜੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐੱਸ.ਐੱਚ.ਓ. ਦੀ ਭੂਮਿਕਾ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕੋਈ ਵੀ ਪੁਲਸ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Read More : ਇਕੋ ਪਰਿਵਾਰ ਦੀਆਂ 3 ਔਰਤਾਂ ਦਾ ਕਤਲ; 2 ਬੱਚੇ ਗੰਭੀਰ ਜ਼ਖ਼ਮੀ
