ਚਾਂਦੀ 13,800 ਰੁਪਏ ਅਤੇ ਸੋਨਾ 4,600 ਰੁਪਏ ਚੜ੍ਹਿਆ
ਨਵੀਂ ਦਿੱਲੀ, 8 ਅਪ੍ਰੈਲ – ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ‘ਤੇ ਸਹਿਮਤੀ ਬਣਨ ਤੋਂ ਬਾਅਦ ਗਲੋਬਲ ਬਾਜ਼ਾਰ ਵਿੱਚ ਆਈ ਤੇਜ਼ੀ ਦੇ ਚਲਦਿਆਂ ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਸਮਾਨੀਂ ਪਹੁੰਚ ਗਈਆਂ ਹਨ।
ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਚਾਂਦੀ ਦੀ ਕੀਮਤ ਵਿੱਚ 13,800 ਰੁਪਏ ਦਾ ਵੱਡਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 2,52,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਪਹੁੰਚ ਗਈ।ਸੋਨੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਸੋਨਾ 4,600 ਰੁਪਏ ਮਹਿੰਗਾ ਹੋ ਕੇ 1,56,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਮਜ਼ਬੂਤ ਸੰਕੇਤ ਦੇਖਣ ਨੂੰ ਮਿਲੇ। ਕੌਮਾਂਤਰੀ ਪੱਧਰ ‘ਤੇ ਹਾਜ਼ਰ ਸੋਨਾ 97.48 ਡਾਲਰ (ਲਗਭਗ 2.07 ਫੀਸਦੀ) ਵਧ ਕੇ 4,803.33 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ।
ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਵਿੱਚ 6 ਫੀਸਦੀ ਦਾ ਵੱਡਾ ਉਛਾਲ ਆਇਆ ਅਤੇ ਇਹ 77.33 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ। ਬਾਜ਼ਾਰ ਮਾਹਰਾਂ ਅਨੁਸਾਰ, ਜੰਗਬੰਦੀ ਤੋਂ ਬਾਅਦ ਪੈਦਾ ਹੋਏ ਗਲੋਬਲ ਹਾਲਾਤਾਂ ਕਾਰਨ ਨਿਵੇਸ਼ਕਾਂ ਦਾ ਰੁਝਾਨ ਕੀਮਤੀ ਧਾਤਾਂ ਵੱਲ ਵਧਿਆ ਹੈ, ਜਿਸ ਕਾਰਨ ਇਹ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
Read More : ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਬੈਨਰ ਹੇਠ ਨਵਜੋਤ ਕੌਰ ਸਿੱਧੂ ਲੜਨਗੇ 2027 ਦੀਆਂ ਚੋਣਾਂ
