ਕਿਸਾਨ ਸੈਂਕੜੇ ਏਕੜ ਫਸਲ ਵਾਹੁਣ ਲਈ ਹੋਏ ਮਜਬੂਰ
ਪਟਿਆਲਾ, 16 ਸਤੰਬਰ : ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਕਿਸਾਨਾਂ ਨੂੰ ਇਕ ਹੋਰ ਮਾਰ ਪੈ ਗਈ ਹੈ। ਉਹ ਹੈ ਝੋਨੇ ਦੀ ਫਸਲ ਨੂੰ ‘ਚਾਈਨਾ ਵਾਇਰਸ’ ਵੱਲੋਂ ਲਪੇਟ ’ਚ ਲੈਣਾ, ਜਿਸ ਕਾਰਨ ਝੋਨੇ ਦੇ ਪੌਦਾ ਪੂਰੀ ਤਰ੍ਹਾਂ ਵਿਕਸਿਤ ਹੀ ਨਹੀਂ ਹੋ ਰਿਹਾ, ਜਿਸ ਕਾਰਨ ਪੌਦੇ ਨੂੰ ਦਾਣੇ ਨਹੀਂ ਲੱਗ ਰਹੇ।
ਇਸ ਵਾਇਰਸ ਨੇ ਵੱਡੀ ਗਿਣਤੀ ’ਚ ਝੋਨੇ ਨੂੰ ਆਪਣੀ ਲਪੇਟ ’ਚ ਲੈ ਲਿਆ। ਕਈ ਕਿਸਾਨਾਂ ਦਾ ਤਾਂ ਇਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਉਨ੍ਹਾਂ ਵੱਲੋਂ ਅਕ ਕੇ ਫਸਲ ਨੂੰ ਵਾਹ ਹੀ ਦਿੱਤਾ ਗਿਆ ਹੈ ਤਾਂ ਕਿ ਕੋਈ ਹੋਰ ਫਸਲ ਲਾਈ ਜਾ ਸਕੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਈ ਕਿਸਾਨਾਂ ਦੀ ਜਿੱਥੇ ਫਸਲ ਹੀ ਖਤਮ ਹੋ ਗਈ ਹੈ, ਉੱਥੇ ਸ਼ਾਇਦ ਕੋਈ ਹੀ ਅਜਿਹਾ ਕਿਸਾਨ ਹੋਵੇਗਾ, ਜਿਹੜਾ ‘ਚਾਈਨਾ ਵਾਇਰਸ’ ਦੀ ਮਾਰ ਤੋਂ ਬਚਿਆ ਹੋਵੇ।
ਇਹ ਵਾਇਰਸ ਝੋਨੇ ਦੀਆਂ ਕੁਝ ਵਿਸ਼ੇਸ਼ ਕਿਸਮਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ, ਜਿਵੇਂ ਕਿ ਪੂਸਾ 144 ਅਤੇ ਹੋਰ ਕਈ ਕਿਸਮਾਂ। ‘ਚਾਈਨਾ ਵਾਇਰਸ’ ਨੇ ਇਸ ਵਾਰ ਝੋਨੇ ਨੂੰ ਬੁਰੀ ਤਰ੍ਹਾਂ ਲਪੇਟ ’ਚ ਲੈ ਲਿਆ ਹੈ, ਜਿਸ ਤੋਂ ਇਹ ਸਾਫ ਹੋ ਚੁੱਕਿਆ ਹੈ ਕਿ ਇਸ ਵਾਰ ਝੋਨੇ ਦਾ ਉਤਪਾਦਨ ਆਮ ਨਾਲੋਂ ਘੱਟ ਸਕਦਾ ਹੈ।
ਪਿੰਡ ਪੰਜੌਲਾ ਦੇ ਕਿਸਾਨ ਜਗਤਾਰ ਸਿੰਘ ਅਤੇ ਹਰਦੀਪ ਸਿੰਘ ਨੇ ਆਪਣੀ 4 ਏਕੜ ਫਸਲ ਵਾਹ ਦਿੱਤੀ ਹੈ ਕਿਉਂਕਿ ‘ਚਾਈਨਾ ਵਾਇਰਸ’ ਨੇ ਫਸਲ ਨੂੰ ਬੁਰੀ ਤਰ੍ਹਾਂ ਆਪਣੇ ਲਪੇਟ ’ਚ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਚਾਈਨਾ ਵਾਇਰਸ ਪਿਛਲੇ ਸਾਲਾਂ ਨਾਲੋਂ ਕਾਫੀ ਜ਼ਿਆਦਾ ਹਮਲਾਵਰ ਹੈ। ਜਿਹੜਾ ਵੀ ਬੂਟਾ ਇਸ ਵਾਇਰਸ ਦੀ ਲਪੇਟ ’ਚ ਆ ਗਿਆ, ਉਹ ਵਿਕਸਿਤ ਨਹੀਂ ਹੋ ਪਾਇਆ ਜਿਸ ਕਾਰਨ ਉਸ ਨੂੰ ਦਾਣੇ ਵੀ ਨਹੀਂ ਲੱਗ ਰਹੇ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਖੇਤੀ ਮਾਹਿਰਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੈ ਅਤੇ ਆਉਣ ਵਾਲੇ ਸਾਲਾਂ ’ਚ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ। ਚਾਈਨਾ ਵਾਇਰਸ ਨੇ ਕਿਸਾਨਾਂ ਦੀ ਚਿੰਤਾ ਨੂੰ ਕਾਫੀ ਵਧਾ ਦਿੱਤਾ ਹੈ ਕਿਉਂਕਿ ਪਹਿਲਾਂ ਜਿਹੜੇ ਬੂਟੇ ਕਮਜ਼ੋਰ ਸਨ, ਉਨ੍ਹਾਂ ਨੂੰ ਇਹ ਸਮਝ ਕੇ ਹੀ ਖਾਦ ਅਤੇ ਪਾਣੀ ਲਾਉਂਦੇ ਰਹੇ ਕਿ ਸਮਾਂ ਬੀਤਣ ਨਾਲ ਸ਼ਾਇਦ ਇਹ ਵਿਕਸਿਤ ਹੋ ਜਾਣਗੇ ਪਰ ਹੁਣ ਜਦੋਂ ਦਾਣੇ ਲੱਗਣ ਲੱਗ ਗਏ ਅਤੇ ਚਾਈਨਾ ਵਾਇਰਸ ਦੀ ਲਪੇਟ ’ਚ ਆਏ ਝੋਨੇ ਦੇ ਬੂਟੇ ਵਿਕਸਿਤ ਹੀ ਨਹੀਂ ਹੋ ਪਾਏ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਾਈਨਾ ਵਾਇਰਸ ਦੀ ਵੀ ਵਿਸ਼ੇਸ਼ ਗਿਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ, ਜਿਸ ਕਾਰਨ ਕਿਸਾਨਾਂ ’ਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
Read More : ਪਾਕਿ ਜਾਣ ਵਾਲੇ ਸਿੱਖ ਜਥੇ ’ਤੇ ਸਰਕਾਰ ਵੱਲੋਂ ਰੋਕ ਲਾਉਣਾ ਮੰਦਭਾਗਾ : ਪ੍ਰਤਾਪ ਸਿੰਘ