ਸਾਧਵੀ ਪ੍ਰਗਿਆ ਸਣੇ ਸਾਰੇ ਮੁਲਜ਼ਮ ਬਰੀ
ਨਵੀ ਦਿੱਲੀ, 31 ਜੁਲਾਈ : ਮਹਾਰਾਸ਼ਟਰ ਦਾ ਮਾਲੇਗਾਓਂ ਸ਼ਹਿਰ 29 ਸਤੰਬਰ 2008 ਨੂੰ ਧਮਾਕਿਆਂ ਨਾਲ ਹਿੱਲ ਗਿਆ ਸੀ। ਇਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਫੈਸਲਾ 17 ਸਾਲਾਂ ਬਾਅਦ ਆਇਆ ਹੈ। ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦਿਆ ਸਾਧਵੀ ਪ੍ਰਗਿਆ ਥਾ ਸਮੇਤ ਸਾਰੇ 7 ਮੁਲਜ਼ਮਾਂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਹੈ।
ਭੋਪਾਲ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੂੰ ਇਸ ਪੂਰੇ ਮਾਮਲੇ ਵਿਚ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਇਹ ਧਮਾਕਾ 29 ਸਤੰਬਰ 2008 ਨੂੰ ਹੋਇਆ ਸੀ। ਫੈਸਲੇ ਤੋਂ ਪਹਿਲਾਂ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਲਈ ਕਿਹਾ ਸੀ। ਅੱਜ ਫੈਸਲੇ ਵਾਲੇ ਦਿਨ ਸਾਧਵੀ ਪ੍ਰਗਿਆ ਸਮੇਤ ਸਾਰੇ ਮੁਲਜ਼ਮ ਅਦਾਲਤ ਵਿਚ ਪਹੁੰਚੇ।
ਮਾਲੇਗਾਓਂ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਹਾਦਸੇ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਪੂਰੇ ਮਾਮਲੇ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਏ. ਟੀ. ਐੱਸ. ਨੇ ਕੀਤੀ ਸੀ। ਹਾਲਾਂਕਿ ਇਹ ਮਾਮਲਾ 2011 ਵਿਚ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ ਪਰ ਲਗਭਗ 5 ਸਾਲ ਦੀ ਜਾਂਚ ਤੋਂ ਬਾਅਦ ਐੱਨ. ਆਈ. ਏ. ਨੇ 2016 ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।
ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਗਿਆ ਹੈ, ਉਹ 8 ਮਈ 2025 ਨੂੰ ਸੁਣਾਇਆ ਜਾਣਾ ਸੀ। ਹਾਲਾਂਕਿ, ਕੁਝ ਕਾਰਨਾਂ ਕਰ ਕੇ ਅਦਾਲਤ ਨੇ ਇਸਨੂੰ 31 ਜੁਲਾਈ ਤੱਕ ਸੁਰੱਖਿਅਤ ਰੱਖ ਲਿਆ ਸੀ।
ਜੱਜ ਨੇ ਫੈਸਲੇ ਵਿਚ ਕੀ-ਕੀ ਕਿਹਾ?
ATS ਅਤੇ NIA ਦੀ ਚਾਰਜਸ਼ੀਟ ਵਿਚ ਬਹੁਤ ਅੰਤਰ ਹੈ।
ਇਸਤਗਾਸਾ ਪੱਖ ਇਹ ਸਾਬਤ ਕਰਨ ਵਿਚ ਅਸਫਲ ਰਿਹਾ ਹੈ ਕਿ ਬੰਬ ਮੋਟਰਸਾਈਕਲ ਵਿੱਚ ਸੀ।
ਪ੍ਰਸਾਦ ਪੁਰੋਹਿਤ ਵਿਰੁੱਧ ਕੋਈ ਸਬੂਤ ਨਹੀਂ ਹੈ ਕਿ ਉਸਨੇ ਬੰਬ ਬਣਾਇਆ ਅਤੇ ਸਪਲਾਈ ਕੀਤਾ। ਇਹ ਸਾਬਤ ਨਹੀਂ ਹੋ ਸਕਿਆ ਕਿ ਬੰਬ ਕਿਸਨੇ ਪਲਾਂਟ ਕੀਤਾ ਸੀ।
ਘਟਨਾ ਤੋਂ ਬਾਅਦ ਮਾਹਿਰਾਂ ਦੁਆਰਾ ਸਬੂਤ ਇਕੱਠੇ ਨਹੀਂ ਕੀਤੇ ਗਏ।
ਸਬੂਤਾਂ ਨੂੰ ਦੂਸ਼ਿਤ ਕੀਤਾ ਗਿਆ ਹੈ।
ਘਟਨਾ ਤੋਂ ਬਾਅਦ, ਉਸ ਜਗ੍ਹਾ ‘ਤੇ ਦੰਗੇ ਵਰਗੇ ਹਾਲਾਤ ਬਣ ਗਏ ਅਤੇ ਸਥਾਨਕ ਲੋਕਾਂ ਨੇ ਪੁਲਿਸ ਫੋਰਸ ‘ਤੇ ਹਮਲਾ ਕਰ ਦਿੱਤਾ।
ਸਾਧਵੀ ਵਿਰੁੱਧ ਜਾਂਚ ਏਜੰਸੀਆਂ ਇਹ ਸਾਬਤ ਕਰਨ ਵਿੱਚ ਅਸਫਲ ਰਹੀਆਂ ਕਿ ਬਾਈਕ ਸਾਧਵੀ ਦੀ ਸੀ।
ਜਾਂਚ ਏਜੰਸੀਆਂ ਦਾਅਵਾ ਕਰਦੀਆਂ ਹਨ ਕਿ ਬਾਈਕ ਸਾਧਵੀ ਦੀ ਸੀ ਪਰ ਇਸਤਗਾਸਾ ਪੱਖ ਬਾਈਕ ਦਾ ਚੈਸੀ ਨੰਬਰ ਲੱਭਣ ਵਿੱਚ ਅਸਫਲ ਰਿਹਾ।
ਫੈਸਲਾ ਪੜ੍ਹਦੇ ਸਮੇਂ ਅਦਾਲਤ ਨੇ ਕਿਹਾ ਕਿ ਚਸ਼ਮਦੀਦਾਂ ਨੇ ਆਪਣੇ ਬਿਆਨ ਬਦਲ ਲਏ ਹਨ। ਅਭਿਨਵ ਭਾਰਤ ਦਾ ਨਾਮ ਵਾਰ-ਵਾਰ ਲਿਆ ਜਾਂਦਾ ਹੈ, ਪ੍ਰਸਾਦ ਪੁਰੋਹਿਤ ਟਰੱਸਟੀ ਸੀ, ਅਜੈ ਰਹੀਰਕਰ ਖਜ਼ਾਨਚੀ ਸੀ, ਦੋਵਾਂ ਦੇ ਖਾਤਿਆਂ ਵਿੱਚ ਪੈਸੇ ਦੇ ਲੈਣ-ਦੇਣ ਦੇ ਸਬੂਤ ਹਨ ਪਰ ਇਹ ਪੈਸਾ ਅੱਤਵਾਦੀ ਗਤੀਵਿਧੀਆਂ ਲਈ ਨਹੀਂ ਵਰਤਿਆ ਗਿਆ। ਪੁਰੋਹਿਤ ਨੇ ਇਸ ਪੈਸੇ ਦੀ ਵਰਤੋਂ ਉਸਾਰੀ ਦੇ ਕੰਮ ਲਈ ਕੀਤੀ।