ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਪਿੰਡ ਹਰਿਆਊ ਵਿਖੇ ਵੱਡੀ ਕਾਰਵਾਈ
ਲਹਿਰਾਗਾਗਾ, 25 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸੰਗਰੂਰ ਜ਼ਿਲ੍ਹੇ ’ਚ ਵੱਡੀ ਕਾਰਵਾਈ ਅਮਲ ’ਚ ਲਿਆਂਦੀ ਗਈ। ਲਹਿਰਾਗਾਗਾ ਦੇ ਪਿੰਡ ਹਰਿਆਊ ਵਿਖੇ ਨਸ਼ਾ ਤਸਕਰੀ ’ਚ ਸ਼ਾਮਲ ਵਿਅਕਤੀਆਂ ਵੱਲੋਂ ਸਰਕਾਰੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਪ੍ਰਸ਼ਾਸਨ ਨੇ ‘ਪੀਲਾ ਪੰਜਾ’ ਚਲਾ ਕੇ ਢਾਹ ਦਿੱਤਾ।
ਇਸ ਸਬੰਧੀ ਸੰਗਰੂਰ ਪੁਲਿਸ ਦੇ ਐੱਸ.ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਹਰਿਆਊ ਵੱਲੋਂ ਪਾਏ ਮਤੇ ਦੇ ਆਧਾਰ ’ਤੇ ਫੀਲਡ ਕਾਨੂੰਗੋ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਜਾਂਚ ’ਚ ਪਾਇਆ ਗਿਆ ਕਿ ਸਤਪਾਲ ਸਿੰਘ, ਬੱਗਾ ਸਿੰਘ, ਜੱਗਰ ਸਿੰਘ, ਕੁਲਦੀਪ ਸਿੰਘ ਅਤੇ ਇੰਦਰ ਸਿੰਘ ਵਾਸੀ ਹਰਿਆਊ ਨੇ ਸਰਕਾਰੀ ਥਾਂ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਬੀ.ਡੀ.ਪੀ.ਓ. ਲਹਿਰਾ ਦੀ ਮੰਗ ’ਤੇ ਪੁਲਿਸ ਨੇ ਇਸ ਕਬਜ਼ੇ ਨੂੰ ਛੁਡਵਾਉਣ ਲਈ ਕਾਰਵਾਈ ਸ਼ੁਰੂ ਕੀਤੀ।
ਐੱਸ.ਪੀ. ਛਿੱਬਰ ਨੇ ਦੱਸਿਆ ਕਿ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਡੀ.ਐੱਸ.ਪੀ. ਰਣਬੀਰ ਸਿੰਘ ਅਤੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਨੇ ਸਤਪਾਲ ਸਿੰਘ ਵੱਲੋਂ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਢਾਹ ਕੇ ਜ਼ਮੀਨ ਮੁਕਤ ਕਰਵਾਈ।
ਉਨ੍ਹਾਂ ਖੁਲਾਸਾ ਕੀਤਾ ਕਿ ਮੁਲਜ਼ਮ ਸਤਪਾਲ ਸਿੰਘ ਵਿਰੁੱਧ ਪਹਿਲਾਂ ਹੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ। ਸਾਲ 2019 ’ਚ ਉਸ ਕੋਲੋਂ 450 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਇਸ ਤੋਂ ਇਲਾਵਾ ਉਸ ਦੇ ਪਿਤਾ ਬੰਤ ਸਿੰਘ ਵਿਰੁੱਧ ਵੀ ਜੂਆ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਪਾਏ ਗਏ ਹਨ।
ਪੁਲਿਸ ਅਧਿਕਾਰੀ ਨੇ ਦੁਹਰਾਇਆ ਕਿ ਨਸ਼ਿਆਂ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਈ ਜਾ ਰਹੀ ਹੈ ਅਤੇ ਜ਼ਿਲ੍ਹੇ ’ਚ ਨਸ਼ਾ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
Read More : ਆਦੀਆਂ ਪੁਲਸ ਕਤਲ ਕਾਂਡ ਦਾ ਮੁੱਖ ਮੁਲਜ਼ਮ ਮੁਕਾਬਲੇ ’ਚ ਢੇਰ, ਇਕ ਕਾਬੂ, ਇਕ ਫਰਾਰ
