ਰੋੜੀਕੁੱਟ ਮੁਹੱਲੇ ’ਚ ਸਰਕਾਰੀ ਜ਼ਮੀਨ ’ਤੇ ਬਣਾਇਆ ਅਣ-ਅਧਿਕਾਰਤ ਮਕਾਨ ਕੀਤਾ ਢਹਿ-ਢੇਰੀ
– ਨਸ਼ਾ ਸਮੱਗਲਰ ਔਰਤ ਸਮੇਤ ਪਤੀ ਅਤੇ ਸੱਸ ਵਿਰੁੱਧ ਦਰਜ ਹਨ 26 ਮੁਕੱਦਮੇ
ਪਟਿਆਲਾ, 22 ਜੁਲਾਈ : ਜ਼ਿਲਾ ਪਟਿਆਲਾ ਪੁਲਸ ਨੇ ਨਸ਼ਿਆਂ ਲਈ ਹਾਟ-ਸਪਾਟ ਇਲਾਕੇ ਵਜੋਂ ਜਾਣੇ ਜਾਂਦੇ ਇਥੇ ਵਾਰਡ ਨੰਬਰ 33 ਦੇ ਰੋੜੀ ਕੁੱਟ ਮੁਹੱਲੇ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਕ ਬਦਨਾਮ ਮਹਿਲਾ ਨਸ਼ਾ ਸਮੱਗਲਰ ਦੇ ਪਰਿਵਾਰ ਵੱਲੋਂ ਸਰਕਾਰੀ ਜ਼ਮੀਨ ’ਤੇ ਬਣਾਏ ਅਣ-ਅਧਿਕਾਰਤ ਮਕਾਨ ਉੱਪਰ ‘ਪੀਲਾ ਪੰਜਾ’ ਚੱਲਵਾ ਕੇ ਇਸ ਨੂੰ ਢਹਿ-ਢੇਰੀ ਕਰਵਾਇਆ ਹੈ। ਇਸ ਮੁਹਿੰਮ ਦੀ ਅਗਵਾਈ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ ਜ਼ਬਤ ਕੀਤੀ ਜਾਵੇਗੀ।
ਐੱਸ. ਐੱਸ. ਪੀ. ਨੇ ਰੋੜੀ ਕੁੱਟ ਮੁਹੱਲੇ ਵਿਖੇ ਕੀਤੀ ਕਾਰਵਾਈ ਬਾਬਤ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਆਪਣੀ ਜੰਗੀ ਪੱਧਰ ’ਤੇ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਸ ਨੇ ਅੱਜ ਬਦਨਾਮ ਮਹਿਲਾ ਸਮੱਗਲਰ ਸੀਮਾ, ਉਸ ਦੇ ਪਤੀ ਸੋਮਪਾਲ ਅਤੇ ਇਸ ਦੇ ਪਰਿਵਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੀ ਸਰਕਾਰੀ ਜ਼ਮੀਨ ਉੱਪਰ ਬਣਾਈ ਗਈ ਅਣ-ਅਧਿਕਾਰਤ ਰਿਹਾਇਸ਼ ਨੂੰ ਢੁਹਾਇਆ ਹੈ।
ਇਸ ਪਰਿਵਾਰ ਵਿਰੁੱਧ 26 ਤੋਂ ਵੱਧ ਐੱਨ. ਡੀ. ਪੀ. ਐੱਸ. ਦੇ ਮੁਕੱਦਮੇ ਦਰਜ ਹਨ। ਇਸ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਸਬੰਧਤ ਵਿਭਾਗ ਨੇ ਪੁਲਸ ਇਮਦਾਦ ਦੀ ਮੰਗ ਕੀਤੀ ਸੀ, ਜਿਸ ਲਈ ਪੁਲਸ ਨੇ ਸੁਰੱਖਿਆ ਪ੍ਰਦਾਨ ਕਰਵਾਈ ਹੈ। ਸੀਮਾ ਵਿਰੁੱਧ 16 ਅਤੇ ਇਸ ਦੇ ਪਤੀ ਸੋਮਪਾਲ ਵਿਰੁੱਧ 4 ਪਰਚੇ ਅਤੇ ਸੀਮਾ ਦੀ ਸੱਸ ਵਿਰੁੱਧ ਵੀ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ।
ਇਸ ਮੌਕੇ ਐੱਸ. ਪੀ. ਵੈਭਵ ਚੌਧਰੀ, ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਤਨਾਮ ਸਿੰਘ ਤੇ ਮਨੋਜ ਗੋਰਸੀ, ਐੱਸ. ਐੱਚ. ਓ. ਜਸਪ੍ਰੀਤ ਸਿੰਘ ਤੇ ਸ਼ਿਵਰਾਜ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਤੌਬਾ ਆਖ ਕੇ ਚੰਗਾ ਰਸਤਾ ਅਖ਼ਤਿਆਰ ਕਰਨ ਸਮੱਗਲਰ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਸ਼ਾ ਸਮੱਗਲਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਤੌਬਾ ਆਖ ਕੇ ਚੰਗਾ ਰਸਤਾ ਅਖ਼ਤਿਆਰ ਕਰਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਸਮੱਗਲਿੰਗ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚਲਦਿਆਂ ਪਟਿਆਲਾ ਪੁਲਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ।
Read More : ਹਾਈ ਕੋਰਟ ਤੋਂ ਪੰਜਾਬੀ ਗਾਇਕ ਐਮੀ ਵਿਰਕ ਨੂੰ ਵੱਡੀ ਰਾਹਤ
