ਵਿਜੀਲੈਂਸ ਐਕਸ਼ਨ

ਵਿਜੀਲੈਂਸ ਦਾ ਐਕਸ਼ਨ: ਬੀਜ ਸਰਟੀਫਿਕੇਸ਼ਨ ਅਧਿਕਾਰੀ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ

ਫਸਲ ਦੀ ਰਿਪੋਰਟ ਹੱਕ ’ਚ ਬਣਾਉਣ ਬਦਲੇ ਮੰਗੀ ਸੀ ਰਿਸ਼ਵਤ; ਵਿਜੀਲੈਂਸ ਨੇ ਬਠਿੰਡਾ ’ਚ ਵਿਛਾਇਆ ਜਾਲ

ਲੁਧਿਆਣਾ, 13 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇ ਬੀਜ ਸਰਟੀਫਿਕੇਸ਼ਨ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਿਲਾ ਮਾਨਸਾ ਦੇ ਵਾਰਡ ਨੰਬਰ 10 ਦੇ ਇਕ ਰਹਿਣ ਵਾਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਇਕ ਬੀਜ ਉਤਪਾਦਕ ਹੈ, ਜੋ ਮਾਨਸਾ ’ਚ ਮੈਸਰਜ਼ ਪੰਜਾਬ ਐਗਰੀ ਸੀਡ ਫਾਰਮ ਚਲਾਉਂਦਾ ਹੈ। ਉਸ ਦਾ ਕੰਮ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਬ੍ਰੀਡਰ ਸੀਡ ਪ੍ਰਾਪਤ ਕਰਨਾ ਅਤੇ ਖਰੀਦੀ ਫਸਲ ਤੋਂ ਬੀਜ ਤਿਆਰ ਕਰਨਾ ਹੈ। ਉਨ੍ਹਾਂ ਦੀ ਫਰਮ ਨੇ ਲਗਭਗ 510 ਹੈਕਟੇਅਰ (1275 ਏਕੜ) ਜ਼ਮੀਨ ’ਚ ਕਣਕ ਬੀਜੀ ਹੋਈ ਹੈ।

ਇਨ੍ਹਾਂ ਫਸਲਾਂ ਦੀ ਜਾਂਚ ਦੀ ਜ਼ਿੰਮੇਵਾਰੀ ਮੁਲਜ਼ਮ ਅੰਮ੍ਰਿਤਪਾਲ ਸਿੰਘ ’ਤੇ ਸੀ। ਸ਼ਿਕਾਇਤਕਰਤਾ ਅਨੁਸਾਰ ਲਗਭਗ 10 ਦਿਨ ਪਹਿਲਾਂ ਮੁਲਜ਼ਮ ਜਾਂਚ ਲਈ ਫਾਰਮ ’ਤੇ ਆਇਆ ਅਤੇ ਬੀਜੀ ਗਈ ਫਸਲ ਦੀ ਪੜਤਾਲ ਕੀਤੀ। ਇਸ ਦੌਰਾਨ ਉਸ ਨੇ ਰਿਪੋਰਟ ਹੱਕ ’ਚ ਬਣਾਉਣ ਦੇ ਬਦਲੇ 200 ਰੁਪਏ ਪ੍ਰਤੀ ਹੈਕਟੇਅਰ (ਕੁੱਲ 1,02,000 ਰੁਪਏ) ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ।

ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਨਾਲ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਟ੍ਰੈਪ ਲਗਾਇਆ ਅਤੇ ਮੁਲਜ਼ਮ ਨੂੰ 50,000 ਰੁਪਏ ਲੈਂਦੇ ਹੋਏ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ ’ਚ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਥਾਣਾ ਬਠਿੰਡਾ ’ਚ ਮਾਮਲਾ ਦਰਜ ਕੀਤਾ ਗਿਆ ਹੈ।

Read More : ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਸਮੇਂ ਦੀ ਲੋੜ, ਇਯਾਲੀ ਵੱਲੋਂ ਵਿਧਾਨ ਸਭਾ ’ਚ ਬਿੱਲ ਦੀ ਹਮਾਇਤ

Leave a Reply

Your email address will not be published. Required fields are marked *