ਆੜ੍ਹਤੀਆਂ

ਆੜ੍ਹਤੀਆਂ ਵੱਲੋਂ ਮੰਡੀਆਂ ’ਚ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ, ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ

1892 ਦਾਣਾ ਮੰਡੀਆਂ ’ਚ ਕੰਮਕਾਜ ਠੱਪ ਹੋਣ ਦੇ ਆਸਾਰ, ਕਮਿਸ਼ਨ ਨੂੰ ਲੈ ਕੇ ਆੜ੍ਹਤੀਆਂ ਨੇ ਖੋਲ੍ਹਿਆ ਮੋਰਚਾ

ਅੰਮ੍ਰਿਤਸਰ, 1 ਅਪ੍ਰੈਲ : ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਹਾਲਾਤ ਤਣਾਅਪੂਰਨ ਬਣ ਗਏ ਹਨ। ‘ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ’ ਨੇ ਪੰਜਾਬ ਸਰਕਾਰ ਦੇ ਰਵੱਈਏ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ 1 ਅਪ੍ਰੈਲ ਤੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਫੈਸਲੇ ਨਾਲ ਪੰਜਾਬ ਦੀਆਂ ਲਗਭਗ 1892 ਦਾਣਾ ਮੰਡੀਆਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋਣ ਦੇ ਆਸਾਰ ਬਣ ਗਏ ਹਨ, ਜਿਸ ਦਾ ਸਿੱਧਾ ਅਸਰ ਕਿਸਾਨਾਂ ਅਤੇ ਖਰੀਦ ਪ੍ਰਕਿਰਿਆ ’ਤੇ ਪਵੇਗਾ।

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਅਤੇ ਆੜ੍ਹਤੀਆਂ ਵਿਚਾਲੇ ਹੋਈ ਅਹਿਮ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਸਰਕਾਰ ਵੱਲੋਂ ਕੋਈ ਠੋਸ ਭਰੋਸਾ ਨਾ ਮਿਲਣ ਕਾਰਨ ਆੜ੍ਹਤੀ ਆਗੂਆਂ ਨੇ ਤੁਰੰਤ ਸੰਘਰਸ਼ ਦਾ ਬਿਗੁਲ ਵਜਾ ਦਿੱਤਾ।

ਫੈੱਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਮੰਡੀਆਂ ਵਿੱਚ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ।

ਆੜ੍ਹਤੀ ਆਗੂਆਂ ਨੇ ਦੱਸਿਆ ਕਿ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਉਨ੍ਹਾਂ ਦਾ ਪ੍ਰਤੀ ਕੁਇੰਟਲ 65 ਰੁਪਏ ਕਮਿਸ਼ਨ ਬਣਦਾ ਹੈ, ਪਰ ਸਰਕਾਰ ਵੱਲੋਂ ਸਿਰਫ਼ 50 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ।

ਆਗੂਆਂ ਅਨੁਸਾਰ ਵਧਦੀ ਮਹਿੰਗਾਈ ਕਾਰਨ ਮਜ਼ਦੂਰੀ, ਬਿਜਲੀ ਅਤੇ ਟਰਾਂਸਪੋਰਟ ਦੇ ਖਰਚੇ ਕਾਫ਼ੀ ਵੱਧ ਚੁੱਕੇ ਹਨ, ਅਜਿਹੇ ਵਿੱਚ ਕਮਿਸ਼ਨ ਘਟਾਉਣਾ ਆੜ੍ਹਤੀਆਂ ਨਾਲ ਸਰਾਸਰ ਧੱਕਾ ਹੈ। ਇਸ ਮੌਕੇ ਮਨਜਿੰਦਰ ਸਿੰਘ ਸਿਰਜਾ, ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਛੀਨਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।

Read More : ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਗ੍ਰੇਨੇਡ ਧਮਾਕਾ, ਪੂਰੇ ਸ਼ਹਿਰ ਵਿਚ ਅਲਰਟ

Leave a Reply

Your email address will not be published. Required fields are marked *