ਹਰਪਾਲ ਚੀਮਾ ਨੇ ਪ੍ਰਤਾਪ ਬਾਜਵਾ ਦੀ ਭਾਜਪਾ ਨਾਲ ਇਕ ਸੁਰ ਹੋਣ ਦੀ ਗੱਲ ਕਹੀ
ਚੰਡੀਗੜ੍ਹ, 12 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਭਾਰਤੀ ਜਨਤਾ ਪਾਰਟੀ ਨਾਲ ਇਕ ਸੁਰ ਹੋਣ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਚੰਡੀਗੜ੍ਹ ਪੁਲਿਸ ਨੂੰ ਉਨ੍ਹਾਂ ਖਿਲਾਫ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਵਿਰੁੱਧ ਸ਼ਿਕਾਇਤ ਕੀਤੀ ਹੈ, ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ’ਤੇ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ’ਤੇ ਐੱਫ਼. ਆਈ. ਆਰ. ਵੀ ਦਰਜ ਕਰਵਾਈ ਹੈ।
ਮੰਤਰੀ ਚੀਮਾ ਨੇ ਕਿਹਾ ਕਿ ਉਹ ਅਜਿਹੀਆਂ ਸ਼ਿਕਾਇਤਾਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਵਿਰੁੱਧ ਅਤੇ ਗੈਂਗਸਟਰ ਬਾਅਦ ਵਿਰੁੱਧ ਆਪਣੀ ਲੜਾਈ ਨੂੰ ਨਿਰੰਤਰ ਜਾਰੀ ਰੱਖੇਗੀ, ਜੋ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਇਹ ਵੀ ਕਿਹਾ ਕਿ ਜਿੱਥੇ ਸਾਬਰਮਤੀ ਜੇਲ੍ਹ ’ਚੋਂ ਪੰਜਾਬ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉਸੇ ਰਾਜ ਤੋਂ ਆਉਂਦੇ ਹਨ।
ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਅਜਿਹੀਆਂ ਵਾਰਦਾਤਾਂ ਗੁਜਰਾਤ ਵਿਚ ਕਿਉਂ ਨਹੀਂ ਵਾਪਰਦੀਆਂ, ਸਿਰਫ਼ ਉਥੇ ਹੀ ਅਜਿਹਾ ਸਭ ਕੁਝ ਹੋ ਰਿਹਾ ਹੈ, ਜਿੱਥੇ ਗੈਰ ਭਾਜਪਾ ਸਰਕਾਰਾਂ ਹਨ। ਕਾਂਗਰਸ ’ਤੇ ਵਰ੍ਹਦੇ ਹੋਏ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਵਿਚ 70 ਫੀਸਦੀ ਨਸ਼ੇ ਹੋਣ ਦੀ ਗੱਲ ਕੀਤੀ ਸੀ ਅਤੇ ਉਸ ਸਮੇਂ 2017 ਦੇ ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿਚ ਨਸ਼ੇ ਦਾ ਲੱਕ ਤੋੜ ਦੇਣਗੇ, ਪ੍ਰੰਤੂ ਕਾਂਗਰਸ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਪੂਰੀ ਤਰ੍ਹਾਂ ਨਾਲ ਫੇਲ ਰਹੀ ਹੈ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿਰੰਤਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਲੱਗੀ ਹੋਈ ਹੈ। ਉਹ ਪੰਜਾਬ ਵਿਚ ਇਸ ਕੋਹੜ ਨੂੰ ਖ਼ਤਮ ਕਰਕੇ ਹੀ ਦਮ ਲੈਣਗੇ।
