ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਤੇ ਮੋਟਰਸਾਈਕਲ ਬਰਾਮਦ; ਹੁਣ ਤੱਕ ਕੁੱਲ 4 ਗ੍ਰਿਫਤਾਰ
ਤਰਨਤਾਰਨ, 25 ਫਰਵਰੀ : ਮੈਰਿਜ ਪੈਲਸ ’ਚ ਬੀਤੇ ਬੁੱਧਵਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਕਰਨ ਵਾਲਾ ਮੁੱਖ ਮੁਲਜ਼ਮ ਅਤੇ ਉਸ ਨੂੰ ਪਨਾਹ ਦੇਣ ਵਾਲਾ ਸਾਥੀ ਪੁਲਸ ਮੁਠਭੇੜ ’ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਨੇ ਦੋਵਾਂ ਮੁਲਜ਼ਮਾਂ ਪਾਸੋਂ ਦੋ ਨਾਜਾਇਜ਼ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਕਤਲ ਮਾਮਲੇ ’ਚ ਪੁਲਸ ਵੱਲੋਂ ਹੁਣ ਤੱਕ ਕੁੱਲ ਚਾਰ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਜਾ ਚੁੱਕਾ ਹੈ ਜਦਕਿ ਇਨ੍ਹਾਂ ਦੇ ਇਕ ਹੋਰ ਮੁੱਖ ਸਾਥੀ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਜ਼ਿਲਾ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਜੱਲੋਕੇ ਬੰਨ੍ਹ ਵਿਖੇ ਜਦੋਂ ਥਾਣਾ ਸਦਰ ਪੱਟੀ ਦੀ ਪੁਲਸ ਮੌਜੂਦ ਸੀ ਤਾਂ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਕੁਝ ਮਾੜੇ ਅਨਸਰ ਇਲਾਕੇ ’ਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੋਟਰਸਾਈਕਲ ਉੱਤੇ ਸਵਾਰ 2 ਵਿਅਕਤੀਆਂ ਨੂੰ ਪੁਲਸ ਪਾਰਟੀ ਵੱਲੋਂ ਨਾਕੇ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਪੁਲਸ ਪਾਰਟੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ।
ਇਸ ਦੀ ਜਵਾਬੀ ਫਾਇਰਿੰਗ ’ਚ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ’ਚ ਦੋਵੇਂ ਮੁਲਜ਼ਮ ਪੁਲਸ ਨੂੰ ਲੋੜੀਂਦੇ ਸਨ, ਜਿਨ੍ਹਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਘੜਕਾ ਹਾਲ ਵਾਸੀ ਜਲੰਧਰ ਅਤੇ ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੈਲਸ ਅੰਦਰ ਸਰਪੰਚ ਨੂੰ ਮੌਤ ਦੇ ਘਾਟ ਉਤਾਰਨ ਸਮੇਂ ਰੋਮਨਪ੍ਰੀਤ ਸਿੰਘ ਵੱਲੋਂ ਸਰਪੰਚ ’ਤੇ ਗੋਲੀਆਂ ਚਲਾਈਆਂ ਗਈਆਂ ਸਨ ਜਦਕਿ ਅਰਸ਼ਦੀਪ ਸਿੰਘ ਵੱਲੋਂ ਰੋਮਨਪ੍ਰੀਤ ਸਿੰਘ ਨੂੰ ਵਾਰਦਾਤ ਵਾਲੇ ਦਿਨ ਤੋਂ ਲੈ ਹੁਣ ਤੱਕ ਪਨਾਹ ਦਿੱਤੀ ਗਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਦੀ ਫਾਇਰਿੰਗ ਦੌਰਾਨ ਰੋਮਨਪ੍ਰੀਤ ਸਿੰਘ ਦੀ ਲੱਤ ’ਚ 2 ਗੋਲੀਆਂ ਲੱਗੀਆਂ ਹਨ ਜਦਕਿ ਅਰਸ਼ਦੀਪ ਸਿੰਘ ਦੇ ਇਕ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਪਾਸੋਂ 2 ਨਾਜਾਇਜ਼ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਹੁਣ ਤੱਕ ਪੁਲਸ ਵੱਲੋਂ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਇਨ੍ਹਾਂ ਦਾ ਇਕ ਹੋਰ ਮੁੱਖ ਮੁਲਜ਼ਮ ਗ੍ਰਿਫਤਾਰ ਹੋਣਾ ਬਾਕੀ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਵਿਖੇ ਦੋਵਾਂ ਮੁਲਜ਼ਮਾਂ ਦੇ ਖਿਲਾਫ ਵੱਖਰਾ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ।
Read More : ਸੰਗਰੂਰ ਦਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ’ਚ ਸ਼ਹੀਦ
