ਏ.ਕੇ.-47 ਅਤੇ ਪਿਸਤੌਲ ਬਰਾਮਦ
ਤਰਨਤਾਰਨ, 5 ਮਾਰਚ : ਤਰਨਤਾਰਨ ਦੇ ਇਕ ਮੈਰਿਜ ਪੈਲੇਸ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ ਹੋਏ ਇਕ ਮੁਕਾਬਲੇ ਦੌਰਾਨ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਦੀ ਜਵਾਬੀ ਫਾਇਰਿੰਗ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਘਟਨਾ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਬੀਤੀ 18 ਫਰਵਰੀ ਨੂੰ ਸਿੱਧੂ ਫਾਰਮ ਵਿੱਚ ਸਰਪੰਚ ਹਰਬਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਪਾਰਟੀ ਜਦੋਂ ਪਿੰਡ ਘੜਕਾ ਦੇ ਮੰਡ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਕਰ ਰਹੀ ਸੀ, ਤਾਂ ਟਿਊਬਵੈੱਲ ਵਿੱਚ ਲੁਕੇ ਦੋ ਸ਼ੱਕੀ ਵਿਅਕਤੀਆਂ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ‘ਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੁਲਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨੂ (ਵਾਸੀ ਅੰਮ੍ਰਿਤਸਰ) ਅਤੇ ਗੁਰਦੇਵ ਸਿੰਘ ਉਰਫ਼ ਬਾਬਾ (ਵਾਸੀ ਖਡੂਰ ਸਾਹਿਬ) ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਹੱਤਿਆਕਾਂਡ ਵਿੱਚ ਵਰਤੀ ਗਈ ਇਕ ਏ.ਕੇ.-47 ਰਾਈਫਲ, ਇਕ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਪੁਲਸ ਅਨੁਸਾਰ ਇਹ ਦੋਵੇਂ ਮੁਲਜ਼ਮ ਸਰਪੰਚ ਦੇ ਕਤਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸਨ।
Read More : ਦਿਨ-ਦਿਹਾੜੇ ਸਰਾਫ਼ ਦੇ ਘਰੋਂ 3 ਕਰੋੜ ਦੀ ਨਕਦੀ ਤੇ ਗਹਿਣੇ ਲੁੱਟੇ
