ਵਿਆਹ ਸਮਾਗਮ ’ਚ ਏ. ਕੇ.-47 ਅਤੇ ਪਿਸਤੌਲ ਨਾਲ ਚਲਾਈਆਂ ਅੰਨ੍ਹੇਵਾਹ ਗੋਲੀਆਂ; ਚਚੇਰਾ ਭਰਾ ਗੰਭੀਰ ਜ਼ਖ਼ਮੀ
ਤਰਨਤਾਰਨ, 18 ਫਰਵਰੀ : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੇ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਦਾ ਅੱਜ ਇਕ ਵਿਆਹ ਸਮਾਗਮ ਦੌਰਾਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਲਾਗਲੇ ਪਿੰਡ ਸੇਰੋ ਦੇ ਸਿੱਧੂ ਫਾਰਮ ਵਿੱਚ ਵਾਪਰੀ, ਜਿੱਥੇ ਹਥਿਆਰਬੰਦ ਸ਼ੂਟਰਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਹਮਲੇ ਵਿੱਚ ਸਰਪੰਚ ਦੇ ਚਚੇਰੇ ਭਰਾ ਜਰਮਨਦੀਪ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਰਪੰਚ ਹਰਬਰਿੰਦਰ ਸਿੰਘ ਪਿੰਡ ਦੇ ਹੀ ਗੁਰਸੇਵਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਜਦੋਂ ਉਹ ਸਟੇਜ ’ਤੇ ਨੱਚਣ ਤੋਂ ਬਾਅਦ ਆਰਾਮ ਕਰਨ ਲਈ ਸੋਫ਼ੇ ’ਤੇ ਬੈਠੇ, ਤਾਂ ਅਚਾਨਕ ਹਮਲਾਵਰਾਂ ਨੇ ਉਨ੍ਹਾਂ ’ਤੇ ਏ. ਕੇ.-47 ਰਾਈਫਲ ਅਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਕਾਰਨ ਪੂਰੇ ਪੈਲੇਸ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਜ਼ਖ਼ਮੀ ਜਰਮਨਦੀਪ ਸਿੰਘ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੂਤਰਾਂ ਅਨੁਸਾਰ ਹਮਲਾਵਰਾਂ ਦੀ ਕੁੱਲ ਗਿਣਤੀ ਤਿੰਨ ਸੀ, ਜਿਨ੍ਹਾਂ ਵਿੱਚੋਂ ਇਕ ਸਾਥੀ ਬਾਹਰ ਮੋਟਰਸਾਈਕਲ ’ਤੇ ਨਿਗਰਾਨੀ ਕਰ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਪੁਲਸ ਫ਼ੋਰਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
Read More : ਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ 35 ਵਿਦਿਆਰਥੀਆਂ ਨੇ ਵੱਢੇ ਆਪਣੇ ਗੁੱਟ
