ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਸੰਗਰੂਰ ਤੋਂ ਭਾਜਪਾ ਦੀ ਟਿਕਟ ਅਤੇ ਮਨਮਾਨੀਆਂ ਸ਼ਰਤਾਂ ਪੂਰੀਆਂ ਕਰਨ ਦਾ ਦਿੱਤਾ ਲਾਲਚ
ਚੰਡੀਗੜ੍ਹ, 12 ਫਰਵਰੀ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭਾਰਤੀ ਜਨਤਾ ਪਾਰਟੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਖ਼ੁਲਾਸਾ ਕੀਤਾ ਹੈ ਕਿ ਭਾਜਪਾ ਦੇ ‘ਆਪ੍ਰੇਸ਼ਨ ਲੋਟਸ’ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਦੀ ਟਿਕਟ ਦਿਵਾਉਣ ਅਤੇ ਹਰ ਮੰਗ ਪੂਰੀ ਕਰਨ ਦਾ ਵੱਡਾ ਆਫ਼ਰ ਦਿੱਤਾ ਗਿਆ।
ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਦੇ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਾਜਪਾ ਦੇਸ਼ ਭਰ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, “ਸੀ.ਐੱਮ. ਨਾਇਬ ਸੈਣੀ ਨੇ ਮੈਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦਾ ਲਾਲਚ ਦਿੱਤਾ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਮੇਰੀ ਚਿੰਤਾ ਛੱਡ ਕੇ ਆਪਣੇ ਸੂਬੇ ਹਰਿਆਣਾ ਦੀ ਚਿੰਤਾ ਕਰਨ। ਪੰਜਾਬ ਦੀ ਜਨਤਾ ਅਤੇ ‘ਆਪ’ ਵਿਧਾਇਕ ਚੱਟਾਨ ਵਾਂਗ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨਾਲ ਖੜ੍ਹੇ ਹਨ।”
ਵਿਧਾਇਕਾ ਭਰਾਜ ਨੇ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਵਿੱਚ ਸਿਸਟਮ ਬਦਲਣ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਆਏ ਹਨ, ਨਾ ਕਿ ਸੌਦੇਬਾਜ਼ੀ ਕਰਨ ਲਈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਚਾਲਾਂ ਉਨ੍ਹਾਂ ਨੂੰ ਡੇਗ ਨਹੀਂ ਸਕਦੀਆਂ।
ਇਸ ਮੌਕੇ ਬਲਤੇਜ ਪੰਨੂ ਨੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬੀ ਆਪਣੀ ਸ਼ਾਨ ਲਈ ਜਾਣੇ ਜਾਂਦੇ ਹਨ, ਉਹ ਵਿਕਣ ਵਾਲੇ ਨਹੀਂ ਹਨ।
Read More : ਗ੍ਰਾਮ ਨਿਆਲਿਆ ਦਾ ਮੁੱਦਾ ਕੇਂਦਰ ਕੋਲ ਉਠਾਵਾਂਗੇ, ਕਾਨੂੰਨੀ ਮਾਹਿਰਾਂ ਦੀ ਬਣੇਗੀ ਕਮੇਟੀ : ਭਗਵੰਤ ਮਾਨ
