Baltej Pannu

‘ਆਪ’ ਆਗੂ ਬਲਤੇਜ ਪੰਨੂ ਦਾ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ

ਕੀ ਕਾਂਗਰਸ ’ਚ ਮੁੱਖ ਮੰਤਰੀ ਦਾ ਚਿਹਰਾ 500 ਕਰੋੜ ਰੁਪਏ ’ਚ ਵਿਕਿਆ?

ਚੰਡੀਗੜ੍ਹ, 7 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਨਵਜੋਤ ਕੌਰ ਸਿੱਧੂ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੀਤੇ ਗਏ ਸਨਸਨੀਖੇਜ਼ ਖੁਲਾਸਿਆਂ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕੀਤਾ ਹੈ।

ਪੰਨੂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੇ ਭੱਦੀ ਸੱਚਾਈ ਨੂੰ ਬੇਨਕਾਬ ਕੀਤਾ ਹੈ ਕਿ ਕਾਂਗਰਸ ਕਿਵੇਂ ਕੰਮ ਕਰਦੀ ਹੈ, ਲੀਡਰਸ਼ਿਪ ਕਿਵੇਂ ਤੈਅ ਕੀਤੀ ਜਾਂਦੀ ਹੈ ਤੇ ਨਿੱਜੀ ਇੱਛਾਵਾਂ ਤੇ ਪੈਸੇ ਦੇ ਸੌਦਿਆਂ ਲਈ ਪੰਜਾਬ ਦੇ ਹਿੱਤਾਂ ਨੂੰ ਕਿਵੇਂ ਪਾਸੇ ਕਰ ਦਿੱਤਾ ਜਾਂਦਾ ਹੈ।

ਪੰਨੂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਦੋ ਧਮਾਕੇਦਾਰ ਦਾਅਵੇ ਕੀਤੇ ਹਨ। ਇਕ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ’ਚ ਤਾਂ ਹੀ ਮੁੜ ਦਾਖਲ ਹੋਣਗੇ ਜੇ ਕਾਂਗਰਸ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ ਤੇ ਦੂਜਾ ਕਿ ਸਿੱਧੂ ਕੋਲ ਅਦਾਇਗੀ ਕਰਨ ਲਈ 500 ਕਰੋੜ ਰੁਪਏ ਨਹੀਂ ਹਨ, ਜਿਸ ਦਾ ਮਤਲਬ ਹੈ ਕਿ ਕਾਂਗਰਸ ’ਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਸੌਦਾ ਜ਼ਰੂਰੀ ਹੈ।

ਇਨ੍ਹਾਂ ਟਿੱਪਣੀਆਂ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਦੱਸਦਿਆਂ ਪੰਨੂ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਦੀ ਲੀਡਰਸ਼ਿਪ ਸੱਚਮੁੱਚ ਮੁੱਖ ਮੰਤਰੀ ਦਾ ਚਿਹਰਾ 500 ਕਰੋੜ ਰੁਪਏ ’ਚ ਵੇਚਦੀ ਹੈ। ਉਨ੍ਹਾਂ ਕਿਹਾ ਕਿ ਜੇ ਸਿੱਧੂ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ ਤਾਂ ਇਹ ਰਕਮ ਕੌਣ ਅਦਾ ਕਰਦਾ ਹੈ? ਇਹ ਪੈਸਾ ਕਿੱਥੇ ਜਾਂਦਾ ਹੈ? ਸੂਬਾ ਯੂਨਿਟ ਦੇ ਪ੍ਰਧਾਨ ਨੂੰ? ਹਾਈ ਕਮਾਂਡ ਨੂੰ? ਰਾਹੁਲ ਗਾਂਧੀ ਜਾਂ ਖੜਗੇ ਨੂੰ? ਪੰਜਾਬ ਦੇ ਲੋਕ ਜਵਾਬ ਦੇ ਹੱਕਦਾਰ ਹਨ।

ਪੰਨੂ ਨੇ ਯਾਦ ਕਰਵਾਇਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ, ਸੰਸਦ ਮੈਂਬਰ, ਵਿਧਾਇਕ ਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਪੁੱਛਿਆ ਕੀ ਇਹ ਅਹੁਦੇ ਵੀ ਖਰੀਦੇ ਗਏ ਸਨ? ਕੀ ਉਨ੍ਹਾਂ ਨੂੰ ਘੱਟ ਰਕਮ ਦੇ ਕੇ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ? ਕਾਂਗਰਸ ’ਚ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਨ ਲਈ ਕਿੰਨੇ ਕਰੋੜਾਂ ਦੀ ਲੋੜ ਹੈ?

Read More : ਅੱਗ ਲੱਗਣ ਕਾਰਨ ਸਿਲੰਡਰ ਫਟਿਆ, ਕਮਰੇ ਦੀ ਛੱਤ ਡਿੱਗੀ, 4 ਲੋਕ ਜ਼ਖਮੀ

Leave a Reply

Your email address will not be published. Required fields are marked *