ਆਮ-ਆਦਮੀ-ਪਾਰਟੀ

ਪ੍ਰਤਾਪ ਬਾਜਵਾ ਖ਼ਿਲਾਫ਼ ‘ਆਪ’ ਦਾ ਪੰਜਾਬ ਵਿਆਪੀ ਰੋਸ ਪ੍ਰਦਰਸ਼ਨ

ਬਲਤੇਜ ਪੰਨੂ ਨੇ ਕਾਂਗਰਸ ਤੋਂ ਮੰਗੀ ਜਨਤਕ ਮੁਆਫ਼ੀ; ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਦਲਿਤ ਭਾਈਚਾਰੇ ਦੇ ਅਪਮਾਨ ਦਾ ਲਾਇਆ ਦੋਸ਼

ਚੰਡੀਗੜ੍ਹ, 13 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਅੱਜ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਪੂਰੇ ਸੂਬੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ‘ਆਪ’ ਦਾ ਦੋਸ਼ ਹੈ ਕਿ ਬਾਜਵਾ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ਼ ਜਾਤੀਵਾਦੀ ਟਿੱਪਣੀਆਂ ਕਰਕੇ ਨਾ ਸਿਰਫ਼ ਇੱਕ ਮੰਤਰੀ, ਸਗੋਂ ਸਮੁੱਚੇ ਦਲਿਤ ਭਾਈਚਾਰੇ ਅਤੇ ਮਿਹਨਤਕਸ਼ ਲੋਕਾਂ ਦਾ ਅਪਮਾਨ ਕੀਤਾ ਹੈ।

ਪੰਜਾਬ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਸੰਗਰੂਰ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਸ਼ਾਮਲ ਹਨ, ਵਿੱਚ ‘ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਨੇ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਮਲੇਰਕੋਟਲਾ ਅਤੇ ਰੋਪੜ ਵਿੱਚ ਹੋਏ ਵੱਡੇ ਮੁਜ਼ਾਹਰਿਆਂ ਦੌਰਾਨ ਬੈਂਡ-ਬਾਜਾ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ “ਬਾਜਵਾ ਮੁਰਦਾਬਾਦ” ਦੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਕਾਂਗਰਸ ਲੀਡਰਸ਼ਿਪ ਇਸ ਅਪਮਾਨਜਨਕ ਭਾਸ਼ਾ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗੇ।

ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਬਾਜਵਾ ਦੀ ਭਾਸ਼ਾ ਕਾਂਗਰਸ ਦੀ ‘ਜਾਗੀਰਦਾਰੂ ਮਾਨਸਿਕਤਾ’ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਉਨ੍ਹਾਂ ਕਲਾਕਾਰਾਂ ਅਤੇ ਮਜ਼ਦੂਰਾਂ ਦਾ ਸਿੱਧਾ ਅਪਮਾਨ ਹੈ ਜੋ ਸਖ਼ਤ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।

ਪੰਨੂ ਨੇ ਕਾਂਗਰਸ ਹਾਈਕਮਾਂਡ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਕੀ ਬਾਜਵਾ ਦੀ ਇਹ ਸੋਚ ਪਾਰਟੀ ਦੀ ਅਧਿਕਾਰਤ ਰਾਏ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਚੁੱਪ ਹੀ ਸਾਬਤ ਕਰਦੀ ਹੈ ਕਿ ਇਹ ਕੋਈ ਨਿੱਜੀ ਗਲਤੀ ਨਹੀਂ, ਸਗੋਂ ਪਾਰਟੀ ਦਾ ਅਸਲੀ ਚਿਹਰਾ ਹੈ।

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ‘ਤੇ ਚੱਲਣ ਵਾਲੀ ਬਰਾਬਰੀ ਦੀ ਧਰਤੀ ਹੈ। ਬਲਤੇਜ ਪੰਨੂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗਦੀ, ਉਦੋਂ ਤੱਕ ਪਾਰਟੀ ਦਾ ਸੰਘਰਸ਼ ਅਤੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।

Read More : ਦਰਦਨਾਕ ਹਾਦਸਾ; 2 ਮਾਸੂਮ ਭਰਾਵਾਂ ਦੀ ਮੌਤ, ਪਿਤਾ ਗੰਭੀਰ ਜ਼ਖਮੀ

Leave a Reply

Your email address will not be published. Required fields are marked *