, ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੇ ਮਾਮਲੇ ’ਚ ਮੁਲਜ਼ਮਾਂ ਵਿਰੁੱਧ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਜੇਕਰ ਭਾਜਪਾ ਇਨਸਾਫ਼ ਯਕੀਨੀ ਬਣਾਉਣ ’ਚ ਅਸਫਲ ਰਹੀ ਤਾਂ ਅਸੀਂ ਸੰਘਰਸ਼ ਨੂੰ ਹਰ ਪਿੰਡ ਅਤੇ ਕੋਨੇ ਤੱਕ ਲੈ ਜਾਵਾਂਗੇ : ਹਰਪਾਲ ਚੀਮਾ
ਚੰਡੀਗੜ੍ਹ, 15 ਅਕਤੂਬਰ : ਆਮ ਆਦਮੀ ਪਾਰਟੀ ਦੇ ਇਕ ਵਫ਼ਦ ਨੇ ਬੁੱਧਵਾਰ ਨੂੰ ਪੰਜਾਬ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਹਰਿਆਣਾ ਦੇ ਮਰਹੂਮ ਆਈ.ਪੀ.ਐੱਸ. ਅਧਿਕਾਰੀ ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੇ ਮਾਮਲੇ ’ਚ ਮੁਲਜ਼ਮਾਂ ਵਿਰੁੱਧ ਤੁਰੰਤ ਗ੍ਰਿਫ਼ਤਾਰੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੰਜਾਬ ਦੇ ਵਿੱਤ ਮੰਤਰੀ ਤੇ ਸੀਨੀਅਰ ‘ਆਪ’ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ, ਡਾ. ਚਰਨਜੀਤ ਸਿੰਘ, ਮਨਵਿੰਦਰ ਸਿੰਘ ਗਿਆਸਪੁਰਾ ਤੇ ਗੁਰਪ੍ਰੀਤ ਸਿੰਘ ਜੀਪੀ ਤੇ ਪਵਨ ਕੁਮਾਰ ਟੀਨੂੰ, ਰੌਬਿਨ ਸਾਂਪਲਾ ਤੇ ਬਲਜਿੰਦਰ ਸਿੰਘ ਚੌਂਦਾ ਸਮੇਤ ਸੀਨੀਅਰ ਪਾਰਟੀ ਆਗੂਆਂ ਦੀ ਅਗਵਾਈ ਵਾਲੇ ਵਫ਼ਦ ਨੇ ਰਾਜਪਾਲ ਨੂੰ ਇਕ ਵਿਸਤ੍ਰਿਤ ਮੰਗ ਪੱਤਰ ਸੌਂਪਿਆ, ਜਿਸ ’ਚ ਜਾਤੀ ਆਧਾਰਿਤ ਪਰੇਸ਼ਾਨੀ ਤੇ ਵਿਤਕਰੇ ਦੇ ਇਸ ਮਾਮਲੇ ਦੀ ਸਖ਼ਤ ਨਿਖੇਧੀ ਕੀਤੀ ਗਈ, ਜੋ ਇਕ ਆਈ.ਪੀ.ਐੱਸ. ਅਧਿਕਾਰੀ ਦੇ ਦੁਖਦਾਈ ਅੰਤ ਦਾ ਕਾਰਨ ਬਣਿਆ। ਚੀਮਾ ਨੇ ਕਿਹਾ ਕਿ ਰਾਜਪਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਵਫ਼ਦ ਨੇ ਮਰਹੂਮ ਆਈਪੀਐਸ ਅਧਿਕਾਰੀ ਦੇ ‘ਅੰਤਿਮ ਨੋਟ’ ’ਚ ਦਰਜ ਸਾਰੇ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਵਾਈ. ਪੂਰਨ ਕੁਮਾਰ ਵੱਲੋਂ ਨਾਮਜ਼ਦ ਕੀਤੇ ਗਏ ਡੀ.ਜੀ.ਪੀ. ਹਰਿਆਣਾ ਤੇ ਹੋਰ ਅਧਿਕਾਰੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ। ਇਹ ਭਾਜਪਾ ਦੇ ਪੱਖਪਾਤ ਅਤੇ ਇਨਸਾਫ਼ ਪ੍ਰਤੀ ਇਸ ਦੀ ਪੂਰੀ ਤਰ੍ਹਾਂ ਅਣਦੇਖੀ ਨੂੰ ਦਰਸਾਉਂਦਾ ਹੈ ਜਦਕਿ ਪੀੜਤ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਇਸ ਮੁੱਦੇ ’ਤੇ ਚੁੱਪੀ ਲਈ ਭਾਜਪਾ ਸਰਕਾਰ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸਥਿਤੀ ਦੀ ਗੰਭੀਰਤਾ ਦੇ ਬਾਵਜੂਦ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ।
ਵਫ਼ਦ ਨੇ ਭਾਰਤ ਦੇ ਚੀਫ਼ ਜਸਟਿਸ ’ਤੇ ਹਮਲੇ ਦੀ ਹਾਲੀਆ ਘਟਨਾ ਦੀ ਵੀ ਨਿਖੇਧੀ ਕੀਤੀ ਤੇ ਇਸ ਨੂੰ ਦੇਸ਼ ਦੀ ਸਰਵਉੱਚ ਨਿਆਂਇਕ ਅਥਾਰਟੀ ਦਾ ਅਪਮਾਨ ਕਰਨ ਦੀ ਯੋਜਨਾਬੱਧ ਕੋਸ਼ਿਸ਼ ਐਲਾਨਿਆ। ਚੀਮਾ ਨੇ ਕਿਹਾ ਕਿ ਭਾਜਪਾ ਸੰਵਿਧਾਨਕ ਸੰਸਥਾਵਾਂ ਅਤੇ ਪਿਛੜੇ ਭਾਈਚਾਰਿਆਂ ਨੂੰ ਲਗਾਤਾਰ ਕਮਜ਼ੋਰ ਕਰ ਰਹੀ ਹੈ।
‘ਆਪ’ ਮੰਗ ਕਰਦੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀ ਚੁੱਪੀ ਤੋੜੇ ਅਤੇ ਅਨੁਸੂਚਿਤ ਜਾਤੀ/ਜਨਜਾਤੀ ਨਾਗਰਿਕਾਂ ਨੂੰ ਜਾਤੀ-ਅਧਾਰਤ ਅੱਤਿਆਚਾਰਾਂ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰੇ। ਵਿੱਤ ਮੰਤਰੀ ਚੀਮਾ ਨੇ ਸਪਸ਼ਟ ਐਲਾਨ ਕਰਦਿਆਂ ਕਿਹਾ ਕਿ ਅਸੀਂ ਭਾਜਪਾ ਨੂੰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਤਬਾਹ ਨਹੀਂ ਕਰਨ ਦੇਵਾਂਗੇ। ਭਾਜਪਾ ਉਨ੍ਹਾਂ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਬਾਬਾ ਸਾਹਿਬ ਨੇ ਦਲਿਤਾਂ, ਪਛੜੇ ਵਰਗਾਂ ਅਤੇ ਗਰੀਬਾਂ ਨੂੰ ਦਿੱਤੇ ਸਨ। ਅਸੀਂ ਅਜਿਹਾ ਹਰਗਜ਼ ਨਹੀਂ ਹੋਣ ਦੇਵਾਂਗੇ।
‘ਆਪ’ ਵਫ਼ਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਨਸਾਫ਼ ਨਾ ਮਿਲਿਆ ਤਾਂ ਪਾਰਟੀ ਇਸ ਸੰਘਰਸ਼ ਨੂੰ ਦੇਸ਼ ਦੇ ਹਰ ਪਿੰਡ ਅਤੇ ਹਰ ਕੋਨੇ ਤੱਕ ਲੈ ਕੇ ਜਾਵੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਨਿਆਂ, ਸਮਾਨਤਾ ਅਤੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਇਕੱਠੇ ਹੋ ਕੇ ਲੜਾਂਗੇ।
Read More : ਗਾਇਕ ਨੀਰਜ ਸਾਹਨੀ ਨੂੰ ਧਮਕੀ ਦੇਣ ਵਾਲੇ ਖਿਲਾਫ ਕੇਸ ਦਰਜ