ਪਟਿਆਲਾ, 17 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਨ ਤੋਂ ਬਾਅਦ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹਲਕਾ ਸਨੌਰ ਨੂੰ ਰਣਜੋਧ ਸਿੰਘ ਹਡਾਣਾ ਦੇ ਰੂਪ ਵਿਚ ਇਕ ਨਵਾਂ ਲੀਡਰ ਦੇ ਦਿੱਤਾ ਹੈ। ‘ਆਪ’ ਆਗੂ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਪਾਰਟੀ ਨੇ ਇਹ ਫੈਸਲਾ ਹਲਕੇ ਦੇ ਵਿਕਾਸ ਅਤੇ ਰਾਜਨੀਤਕ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਸਨੌਰ ਦੇ ਲੋਕਾਂ ਦੇ ਵਿਕਾਸ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰ ਕੇ ਧੰਨਵਾਦ ਕੀਤਾ।
ਨਿਯੁਕਤੀ ਤੋਂ ਬਾਅਦ ਆਪਣੇ ਨਿਵਾਸ ’ਤੇ ਰਣਜੋਧ ਸਿੰਘ ਹਡਾਣਾ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਸਨੌਰ ਹਲਕਾ ਲੰਬੇ ਸਮੇਂ ਤੋਂ ਵਿਕਾਸ ਪੱਖੋਂ ਪਿੱਛੇ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸੜਕਾਂ, ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਉਨ੍ਹਾਂ ਦੀ ਪਹਿਲੀ ਤਰਜ਼ੀਹ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇਗੀ।
Read More : ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ
