ਪਿਛਲੇ ਸਾਲ ਅਪ੍ਰੈਲ ’ਚ ਹੋਇਆ ਸੀ ਵਿਆਹ
ਬਨੂੜ, 14 ਜੂਨ :- ਪਟਿਆਲਾ-ਚੰਡੀਗੜ੍ਹ ਰੋਡ ’ਤੇ ਪੈਦੇ ਕਸਬਾ ਬਨੂੜ ਦੇ ਵਾਰਡ ਨੰਬਰ ਚਾਰ ਅਧੀਨ ਪੈਂਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਵਿਦੇਸ਼ (ਮਾਲਦੀਵ) ਵਰਕ ਪਰਮਿਟ ’ਤੇ ਗਈ 24 ਸਾਲਾ ਪੁੱਤਰੀ ਗੁਰਪ੍ਰੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਵਿਆਹਤਾ ਲੜਕੀ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ ਚਾਰ ਦੇ ਵਸਨੀਕ ਸੁਖਦੇਵ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਨੌਜਵਾਨ ਲੜਕੀ ਗੁਰਪ੍ਰੀਤ ਕੌਰ, ਜੋ ਕਿ ਕਈ ਸਾਲਾਂ ਤੋਂ ਵਰਕ ਪਰਮਿਟ ’ਤੇ ਮਾਲਦੀਵ ਗਈ ਸੀ, ਉਸ ਦਾ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਹੀ ਸੰਜੇ ਅਰੋੜਾ ਵਾਸੀ ਜ਼ੀਰਾ ਜ਼ਿਲਾ ਫਿਰੋਜ਼ਪੁਰ ਨਾਲ ਵਿਆਹ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਕੌਰ ਅਪ੍ਰੈਲ ਮਹੀਨੇ ਵਿਚ ਹੀ ਛੁੱਟੀ ਕੱਟ ਕੇ ਮੁੜ ਵਿਦੇਸ਼ ਚਲੀ ਗਈ ਸੀ । 11 ਜੂਨ ਨੂੰ ਗੁਰਪ੍ਰੀਤ ਕੌਰ ਦੀ ਸਹੇਲੀ ਦਾ ਫੋਨ ਆਇਆ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਮ੍ਰਿਤਕ ਗੁਰਪ੍ਰੀਤ ਕੌਰ ਦੀ ਲਾਸ਼ ਬੀਤੇ ਦਿਨੀਂ ਦਿੱਲੀ ਏਅਰਪੋਰਟ ’ਤੇ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ । ਉਨ੍ਹਾਂ ਦੱਸਿਆ ਕਿ ਲਾਸ਼ ਨਾਲ ਫਾਰਸੀ ’ਚ ਲਿਖੀ ਹੋਈ ਚਿੱਠੀ ਆਈ ਹੈ, ਜਿਸ ਨੂੰ ਟਰਾਂਸਲੇਟ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ ਅਤੇ ਰਿਪੋਰਟ ਅਨੁਸਾਰ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Read More : ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਮਰਥਨ ’ਚ ਆਇਆ ਪਾਕਿ ਡੌਨ ਸ਼ਹਿਜ਼ਾਦ ਭੱਟੀ