ਸਰਦੂਲਗੜ੍ਹ, 3 ਦਸੰਬਰ : ਜ਼ਿਲਾ ਮਾਨਸਾ ਦੇ ਸ਼ਹਿਰ ਸਰਦੂਲਗੜ੍ਹ ’ਚ ਇਕ ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ ਹੋਟਲ ਮਾਲਕ ਸਮੇਤ 5 ਜੋੜਿਆਂ ਨੂੰ ਕਾਬੂ ਕੀਤਾ ਹੈ। ਪੁਲਸ ਦੇਰ ਰਾਤ ਤਕ ਇਸ ਦੀ ਜਾਂਚ ’ਚ ਲੱਗੀ ਰਹੀ। ਇਸ ’ਚ ਕੁੱਝ ਨਾਬਾਲਗ ਲੜਕੀਆਂ ਦੇ ਹੋਣ ਦੀ ਵੀ ਸ਼ੰਕਾ ਹੈ।
ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਦੇ ਨਿਰਦੇਸ਼ਾਂ, ਡੀ. ਐੱਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਥਾਣਾ ਸਰਦੂਲਗੜ੍ਹ ਦੇ ਮੁਖੀ ਦਿਨੇਸ਼ਵਰ ਕੁਮਾਰ, ਮਹਿਲਾ ਪੁਲਸ ਅਧਿਕਾਰੀ ਪੁਸ਼ਪਿੰਦਰ ਕੌਰ ਨੇ ਟੀਮ ਸਮੇਤ ਦੇਹ ਵਪਾਰ ਦਾ ਅੱਡਾ ਹੋਟਲ ’ਚ ਚੱਲਦੇ ਹੋਣ ਦੀ ਇਤਲਾਹ ਮਿਲਣ ’ਤੇ ਸ਼ਹਿਰ ਸਰਦੂਲਗੜ੍ਹ ਦੇ ਕਾਲਜ ਰੋਡ ਸਥਿਤ ਹੋਟਲ ’ਚ ਛਾਪਾ ਮਾਰਿਆ।
ਹੋਟਲ ਦੇ ਮਾਲਕ ਸੁਨੀਲ ਕੁਮਾਰ ਵਾਸੀ ਸਰਦੂਲਗੜ੍ਹ ਸਮੇਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਆਏ 5 ਮੁੰਡੇ-ਕੁੜੀਆਂ ਦੇ ਜੋੜੇ ਨੂੰ ਫੜਿਆ। ਜਿਨ੍ਹਾਂ ’ਚ ਕੁੱਝ ਨਾਬਾਲਗ ਲੜਕੀਆਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ ਮਾਲਕ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ’ਚੋਂ ਮੁੰਡੇ ਕੁੜੀਆਂ ਬੁਲਾ ਕੇ ਸ਼ਰੇਆਮ ਦੇਹ ਵਪਾਰ ਦਾ ਧੰਦਾ ਚਲਾਉਂਦਾ ਸੀ।
ਸਰਦੂਲਗੜ੍ਹ ਪੁਲਸ ਨੂੰ ਗੁਪਤ ਤੌਰ ’ਤੇ ਇਸ ਦੀ ਸੂਚਨਾ ਮਿਲੀ ਸੀ। ਡੀ. ਐੱਸ. ਪੀ. ਸਰਦੂਲਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਹੋਟਲ ਮਾਲਕ ਨੂੰ ਕਾਬੂ ਕਰ ਕੇ ਫੜੇ ਗਏ ਮੁੰਡੇ ਕੁੜੀਆਂ ਸਮੇਤ ਸਾਰਿਆਂ ਖਿਲਾਫ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਿਨ੍ਹਾਂ ਦਾ ਵੀਰਵਾਰ ਨੂੰ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਨੇ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ, ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਥਾਣਾ ਸਰਦੂਲਗੜ੍ਹ ਦੀ ਪੁਲਸ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ’ਚ ਵੀ ਡਰ ਫੈਲਿਆ ਹੈ।
Read More : ਪਾਕਿ ਵਿਚ ਮਹਿਲਾ ਆਤਮਘਾਤੀ ਹਮਲਾ, ਸੁਰੱਖਿਆ ਏਜੰਸੀਆਂ ਦੀ ਉੱਡੀ ਨੀਦ
