ਤਿੰਨੋਂ ਮ੍ਰਿਤਕਾਂ ਦੀਆਂ ਫਾਰਚੂਨਰ ’ਚੋਂ ਮਿਲੀਆਂ ਲਾਸ਼ਾਂ
ਬਨੂਡ਼, 22 ਜੂਨ :- ਬਨੂਡ਼ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸਡ਼ਕ ਦੇ ਨੇਡ਼ੇ ਖੇਤਾਂ ਵੱਲ ਨੂੰ ਜਾਂਦੀ ਪਹੀ ’ਤੇ ਫਾਰਚੂਨਰ ਪੀ ਬੀ 65 ਏ ਐੱਮ-0082 ’ਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਰਾਜਪਾਲ (45) ਵਾਸੀ ਪਿੰਡ ਸਿੱਖਵਾਲਾ (ਬਠਿੰਡਾ), ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਉਸ ਦੇ ਪੁੱਤਰ ਅਭੇ (15) ਵਜੋਂ ਹੋਈ ਹੈ। ਅਭੇ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿਛਲੇ 7-8 ਸਾਲਾਂ ਤੋਂ ਮੋਹਾਲੀ ਦੇ ਐੱਮ. ਆਰ. ਸੈਕਟਰ 109 ਦਾ ਵਸਨੀਕ ਸੀ।
ਗੱਡੀ ’ਚ ਚਾਲਕ ਦੀ ਸੀਟ ’ਤੇ ਮ੍ਰਿਤਕ ਸੰਦੀਪ ਸਿੰਘ ਡਿੱਗਿਆ ਹੋਇਆ ਸੀ ਤੇ ਉਸ ਦੇ ਹੱਥ ਵਿਚ ਪਿਸਤੌਲ ਫਡ਼੍ਹਿਆ ਹੋਇਆ ਸੀ। ਉਸ ਦੇ ਨਾਲ ਵਾਲੀ ਸੀਟ ’ਤੇ ਉਸਦੀ ਪਤਨੀ ਅਤੇ ਪਿਛਲੀ ਸੀਟ ’ਤੇ ਪੁੱਤਰ ਦੀ ਲਾਸ਼ ਪਈ ਸੀ। ਤਿੰਨੋਂ ਮ੍ਰਿਤਕਾਂ ਦੇ ਸਿਰ ਦੀ ਪੁਡ਼ਪਡ਼ੀ ’ਚ ਗੋਲੀਆਂ ਦੇ ਨਿਸ਼ਾਨ ਸਨ।
ਘਟਨਾ ਦਾ ਪਤਾ ਖੇਤਾਂ ਦੀ ਪਹੀ ਵਿਚ ਖਡ਼੍ਹੀ ਫਾਰਚੂਨਰ ਗੱਡੀ ਦੇ ਨੇਡ਼ੇ ਟਿਊਬਵੈੱਲ ਲਗਾਉਣ ਆਏ ਕੁਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ’ਚ ਲਾਸ਼ਾਂ ਵੇਖ ਕੇ ਬਨੂਡ਼ ਪੁਲਸ ਨੂੰ ਫ਼ੋਨ ਕੀਤਾ, ਜਿਸ ਮਗਰੋਂ ਥਾਣਾ ਬਨੂਡ਼ ਦੇ ਐੱਸ. ਐੱਚ. ਓ. ਅਰਸ਼ਦੀਪ ਸ਼ਰਮਾ, ਜਾਂਚ ਅਧਿਕਾਰੀ ਹਰਦੇਵ ਸਿੰਘ, ਏ. ਐੱਸ. ਆਈ. ਜਸਵਿੰਦਰਪਾਲ ਦੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ।
ਰਾਜਪੁਰਾ ਤੋਂ ਡੀ. ਐੱਸ. ਪੀ. ਮਨਜੀਤ ਸਿੰਘ, ਫਰਾਂਸਿਕ ਮਾਹਿਰ ਅਤੇ ਐੱਫ਼. ਐੱਸ. ਐੱਲ. ਦੀ ਟੀਮ ਵੀ ਮੌਕੇ ’ਤੇ ਪੁੱਜੀ। ਪੁਲਸ ਦੇ ਪਹੁੰਚਣ ਤੱਕ ਲਾਸ਼ਾਂ ਵਾਲੀ ਫ਼ਾਰਚੂਨਰ ਗੱਡੀ ਸਟਾਰਟ ਹੀ ਖਡ਼੍ਹੀ ਸੀ, ਜਿਸ ਦੇ ਦਰਵਾਜ਼ੇ ਲਾਕ ਨਹੀਂ ਸਨ ਅਤੇ ਏਸੀ ਚੱਲ ਰਿਹਾ ਸੀ। ਗੱਡੀ ਨੂੰ ਪੁਲਸ ਨੇ ਜਾ ਕੇ ਬੰਦ ਕੀਤਾ।
ਜਾਣਕਾਰੀ ਅਨੁਸਾਰ ਘਟਨਾ ਚਾਰ ਵਜੇ ਦੇ ਕਰੀਬ ਵਾਪਰੀ। ਪੁਲਸ ਵੱਲੋਂ ਰਾਤੀਂ ਅੱਠ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਪਰਿਵਾਰ ਦੇ ਤਿੰਨੋਂ ਜੀਆਂ ਦੀਆਂ ਲਾਸ਼ਾਂ ਨੀਲਮ ਹਸਪਤਾਲ ਦੀ ਮੋਰਚਰੀ ਵਿਚ ਰਖ਼ਾਈਆਂ ਗਈਆਂ।
ਡੀ. ਐੱਸ. ਪੀ. ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਬਨੂਡ਼ ਦੇ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਹ ਖ਼ੁਦਕਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਆਉਣ ਮਗਰੋਂ ਸੋਮਵਾਰ ਨੂੰ ਪੋਸਟ ਮਾਰਟਮ ਕਰਾਇਆ ਜਾਵੇਗਾ।
ਮੌਕੇ ਦੇ ਪਹੁੰਚੇ ਮ੍ਰਿਤਕ ਦੇ ਇਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਉਹ ਪ੍ਰਾਪਰਟੀ ਦਾ ਵੀ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹਫ਼ਤਾ ਕੁ ਪਹਿਲਾਂ ਹੀ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ। ਮ੍ਰਿਤਕ ਦਾ ਇਕ ਭਰਾ ਆਪਣੇ ਪਿੰਡ ਰਹਿੰਦਾ ਹੈ, ਜਦੋਂ ਕਿ ਉਸ ਦੀ ਭੈਣ ਵਿਦੇਸ਼ ਵਿਚ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਗੁਆਢੀ ਵੀ ਮੌਕੇ ਤੇ ਪਹੁੰਚ ਗਏ।
Read More : ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ
