Sikhs procession

ਗੁਰਪੁਰਬ ਮਨਾਉਣ ਲਈ ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ

ਜਥੇਦਾਰ ਗੜਗੱਜ ਅਤੇ ਜਸਕਰਨ ਸਿੰਘ ਵੀ ਨਾਲ ਗਏ

ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰ ਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ ਜਥਾ

ਅੰਮ੍ਰਿਤਸਰ, 4 ਨਵੰਬਰ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਜਾਣ ਵਾਲੇ ਜਥੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਾਕਿਸਤਾਨ ਲਈ ਰਵਾਨਾ ਹੋਏ।

ਮਿਥੇ ਪ੍ਰੋਗਰਾਮ ਅਨੁਸਾਰ ਇਹ ਜਥਾ ਵਾਹਗਾ ਬਾਰਡਰ ਰਸਤੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਦੇਰ ਰਾਤ ਪਹੁੰਚੇਗਾ, ਜਿਥੇ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਮਗਰੋਂ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰ ਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ।

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਵਾਲੀ ਸਥਿਤੀ ਕਾਰਨ ਅਟਾਰੀ-ਵਾਹਗਾ ਸਰਹੱਦ 1 ਮਈ ਤੋਂ ਪੂਰੀ ਤਰ੍ਹਾ ਯਾਤਰੀਆਂ ਲਈ ਬੰਦ ਕਰ ਦਿੱਤਾ ਸੀ। ਅੱਜ ਜਥਾ ਜਾਣ ਅਤੇ 13 ਨਵੰਬਰ ਨੂੰ ਜਥਾ ਵਾਪਸ ਆਉਂਣ ਸਮੇਂ ਹੀ ਅਟਾਰੀ-ਵਾਹਗਾ ਚੈਕ ਪੋਸਟ ਖੋਲ੍ਹੀ ਜਾਵੇਗੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਸਕੱਤਰੇਤ ਦੇ ਮੀਡੀਆ ਇੰਚਾਰਜ ਜਸਕਰਨ ਸਿੰਘ ਜਾ ਰਿਹਾ ਹੈ।

ਇਹ ਜਥਾ 5 ਨਵੰਬਰ ਨੂੰ ਸ੍ਰੀ ਨਨਕਾਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾ ਕੇ 6 ਨਵੰਬਰ ਨੂੰ ਗੁਰਦੁਆਰਾ ਸੱਚਾ ਸੋਦਾ ਦੇ ਦਰਸ਼ਨ ਕਰਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨਅਬਦਾਲ ਵਿਖੇ ਪਹੁੰਚੇਗਾ ਅਤੇ 7 ਨਵੰਬਰ ਨੂੰ ਉਥੇ ਹੀ ਦਰਸ਼ਨ ਦੀਦਾਰੇ ਕਰੇਗਾ, 8 ਤੇ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, 10 ਨਵੰਬਰ ਨੂੰ ਗੁਰਦੁਆਰਾ ਸ੍ਰੀ ਰੂੜੀ ਸਾਹਿਬ ਦੇ ਦਰਸ਼ਨ ਕਰਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਪਹੁੰਚੇਗਾ ਜੋ 11 ਤੇ 12 ਨਵੰਬਰ ਨੂੰ ਉਥੇ ਹੀ ਦਰਸ਼ਨ ਦੀਦਾਰੇ ਕਰੇਗਾ ਅਤੇ 13 ਨਵੰਬਰ ਨੂੰ ਰਵਾਨਾ ਹੋ ਕੇ ਭਾਰਤ ਵਾਪਸ ਪਰਤੇਗਾ।

Read More : ਅਨਿਲ ਅੰਬਾਨੀ ਦੀਆਂ 3,000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ

Leave a Reply

Your email address will not be published. Required fields are marked *