ਭਵਾਨੀਗੜ੍ਹ, 23 ਸਤੰਬਰ : ਜ਼ਿਲਾ ਸੰਗਰੂਰ ਵਿਚ ਪੈਦੇ ਕਸਬਾ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਅੰਦਰ ਸਥਿਤ ਖਜ਼ਾਨਾ ਦਫਤਰ ਦੀ ਸੁਰੱਖਿਆ ਲਈ ਤਾਇਨਾਤ ਇਕ ਏ. ਐੱਸ. ਆਈ. ਦੀ ਬੀਤੀ ਰਾਤ ਡਿਊਟੀ ਦੌਰਾਨ ਆਪਣੀ ਹੀ ਸਰਵਿਸ ਕਾਰਬਨ ’ਚੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਪੁਲਸ ਮੁਲਾਜ਼ਮ ਦੀ ਪਛਾਣ ਪੁਸ਼ਪਿੰਦਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ। ਪੁਲਸ ਨੇ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈਂਦਿਆਂ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਛਾਣਬੀਣ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਏ. ਐੱਸ. ਆਈ. ਪੁਸ਼ਪਿੰਦਰ ਸਿੰਘ (48) ਪਿਛਲੇ ਸਮੇਂ ਤੋਂ ਇੱਥੇ ਖਜ਼ਾਨਾ ਦਫਤਰ ਵਿਖੇ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਕਰ ਰਿਹਾ ਸੀ , ਜਿਸਦੀ ਰਿਹਾਇਸ਼ ਤਹਿਸੀਲ ਕੰਪਲੈਕਸ ਤੋਂ ਮਹਿਜ ਕੁਝ ਹੀ ਦੂਰੀ ’ਤੇ ਸਥਿਤ ਸੀ। ਘਟਨਾ ਡਿਊਟੀ ਦੌਰਾਨ ਸੋਮਵਾਰ ਰਾਤ ਸਮੇਂ ਵਾਪਰੀ। ਮੰਗਲਵਾਰ ਸਵੇਰ ਹੋਣ ’ਤੇ ਡਿਊਟੀ ਉਪਰੰਤ ਜਦੋਂ ਪੁਸ਼ਪਿੰਦਰ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਖਜ਼ਾਨਾ ਦਫਤਰ ਵਿਖੇ ਪੁੱਜਾ ਜਿੱਥੇ ਘਟਨਾ ਸਬੰਧੀ ਪਤਾ ਲੱਗਾ।
ਬਾਅਦ ਦੁਪਹਿਰ ਥਾਣਾ ਭਵਾਨੀਗੜ੍ਹ ਦੇ ਐੱਸ. ਐੱਚ. ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਦੀ ਮੌਤ ਡਿਊਟੀ ਕਰਦੇ ਸਮੇਂ ਉਸ ਦੀ ਸਰਵਿਸ ਕਾਰਬਨ ਨੂੰ ਸਾਫ ਕਰਨ ਦੌਰਾਨ ਅਚਾਨਕ ਗੋਲੀ ਲੱਗਣ ਕਾਰਨ ਹੋਈ ਹੈ। ਅਸਲਾ ਸਾਫ ਕਰਨ ਵਾਲਾ ਕੱਪੜਾ ਵੀ ਲਾਸ਼ ਕੋਲ ਪਿਆ ਸੀ।
ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕੀਤਾ ਗਿਆ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਿਤਾ ਵੀ ਪੁਲਸ ਮਹਿਕਮੇ ’ਚ ਨੌਕਰੀ ਕਰਦੇ ਸਨ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ ਜਿਸ ਆਧਾਰ ’ਤੇ ਪੁਸ਼ਪਿੰਦਰ ਸਿੰਘ ਨੂੰ ਪੁਲਸ ’ਚ ਨੌਕਰੀ ਮਿਲੀ ਸੀ।
Read More : ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ