ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਮਹਿਰਾਜ ਉਦੀਨ
ਕੋਟਕਪੂਰਾ, 25 ਜੁਲਾਈ : ਜ਼ਿਲਾ ਫਰੀਦਕੋਟ ਕਸਬਾ ਕੋਟਕਪੂਰਾ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਿਸਦੀ ਪਛਾਣ ਮਹਿਰਾਜ ਉਦੀਨ (48) ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦਾ ਰਹਿਣ ਵਾਲਾ ਮਹਿਰਾਜ ਉਦੀਨ (48) ਆਪਣੇ ਪਰਿਵਾਰ ਸਮੇਤ ਕੋਟਕਪੂਰਾ ਦੇ ਮੇਨ ਬਾਜ਼ਾਰ ਵਿਚ ਇਕ ਘਰ ਵਿਖੇ ਕਿਰਾਏ ‘ਤੇ ਰਹਿੰਦਾ ਸੀ ਅਤੇ ਇਸੇ ਘਰ ਵਿਚ ਹੀ ਸੋਨੇ-ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਪੱਛਮੀ ਬੰਗਾਲ ਛੱਡ ਕੇ ਆਇਆ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਘਰ ਵਿਚ ਛੱਤ ‘ਤੇ ਲਟਕਦੀ ਹੋਈ ਵੇਖੀ ਗਈ।
ਇਸ ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਐੱਸ. ਐੱਚ. ਓ. ਚਮਕੌਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ। ਐੱਸ. ਐੱਚ. ਓ. ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਨਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਜੇਬ ਵਿਚੋਂ ਪੁਲਿਸ ਨੂੰ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜੋ ਕਿ ਬੰਗਾਲੀ ਭਾਸ਼ਾ ਵਿਚ ਲਿਖਿਆ ਹੋਇਆ ਹੈ, ਜਿਸ ਦੇ ਅਧਾਰ ‘ਤੇ ਪੁਲਿਸ ਅਗਲੀ ਕਾਰਵਾਈ ਕਰੇਗੀ।
ਇਸ ਮੌਕੇ ਜਵੈਲਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਇਹ ਵਿਅਕਤੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿਛਲੇ ਦੋ ਢਾਈ ਸਾਲਾਂ ਤੋਂ ਕੋਟਕਪੂਰਾ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
Read More : ਮਹਿਲਾ ਨਸ਼ਾ ਸਮੱਗਲਰ ਦਾ ਘਰ ਸੀਲ