ਇਕ ਲੱਖ ਰੁਪਏ ਜੁਰਮਾਨੇ
ਅਬੋਹਰ, 5 ਅਗਸਤ :ਜ਼ਿਲਾ ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਅਜੀਤਪਾਲ ਸਿੰਘ ਦੀ ਅਦਾਲਤ ’ਚ 1 ਕੁਇੰਟਲ 68 ਕਿਲੋ ਭੁੱਕੀ ਦੇ ਮਾਮਲੇ ’ਚ ਬਲਵਿੰਦਰ ਸਿੰਘ ਉਰਫ ਭਿੰਦਰ ਪੁੱਤਰ ਮੁਨਸੀ ਸਿੰਘ ਵਾਸੀ ਸਰਾਂ ਵਾਲੀ ਥਾਣਾ ਘੱਲ ਖੁਰਦ ਫਿਰੋਜ਼ਪੁਰ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।
ਦੂਜੇ ਪਾਸੇ ਸੀ. ਆਈ. ਏ. ਸਟਾਫ 2 ਦੇ ਇੰਚਾਰਜ ਸੱਜਣ ਸਿੰਘ, ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ, ਸਹਾਇਕ ਸਬ-ਇੰਸਪੈਕਟਰ ਸੋਮਪ੍ਰਕਾਸ਼ ਅਤੇ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬਲਵਿੰਦਰ ਸਿੰਘ ਨੂੰ 1 ਕੁਇੰਟਲ 68 ਕਿਲੋ ਭੁੱਕੀ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਉਸ ਨੂੰ ਇਕ ਸਾਲ ਹੋਰ ਕੈਦ ਕੱਟਣੀ ਪਵੇਗੀ।
ਜ਼ਿਕਰਯੋਗ ਹੈ ਕਿ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਪੁਰਾਣੀ ਸ਼੍ਰੀ ਗੰਗਾਨਗਰ ਰੋਡ ਦੇ ਸਾਹਮਣੇ ਰਿਧੀ-ਸਿੱਧੀ ਕਾਲੋਨੀ ਨੇੜੇ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਭਿੰਦਰ ਪੁੱਤਰ ਮੁਨਸੀ ਸਿੰਘ ਵਾਸੀ ਸਰਾਂ ਵਾਲੀ ਥਾਣਾ ਘੱਲ ਖੁਰਦ, ਫਿਰੋਜ਼ਪੁਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਟਰੱਕ ਰਾਹੀਂ ਭੁੱਕੀ ਲਿਆਉਂਦਾ ਹੈ ਅਤੇ ਪੰਜਾਬ ’ਚ ਵੇਚਦਾ ਹੈ। ਉਹ ਅੱਜ ਵੀ ਘੋੜਾ ਟਰਾਲਾ ’ਚ ਭੁੱਕੀ ਲਿਆ ਰਿਹਾ ਹੈ।
ਪੁਲਸ ਨੇ ਮੁਖਬਰ ਵੱਲੋਂ ਦੱਸੀ ਗਈ ਜਗ੍ਹਾ ’ਤੇ ਨਾਕਾਬੰਦੀ ਕਰ ਕੇ ਬਲਵਿੰਦਰ ਸਿੰਘ ਨੂੰ 1 ਕੁਇੰਟਲ 68 ਕਿਲੋਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ ਕਰ ਲਿਆ। ਸਿਟੀ ਥਾਣਾ ਨੰਬਰ 2 ਅਬੋਹਰ ਦੀ ਪੁਲਸ ਨੇ 16-11-22 ਨੂੰ ਬਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਸੀ।
Read More : ਸੜਕ ਹਾਦਸੇ ਵਿਚ 2 ਦੋਸਤਾਂ ਦੀ ਮੌਤ, ਇਕ ਜ਼ਖਮੀ