5,200 ਰੁਪਏ ਨਕਲੀ ਕਰੰਸੀ ਬਰਾਮਦ
ਅਬੋਹਰ, 23 ਦਸੰਬਰ : ਸਥਾਨਕ ਸਿਟੀ ਥਾਣਾ ਨੰਬਰ-1 ਦੀ ਪੁਲਸ ਨੇ ਅਬੋਹਰ ਸ਼ਹਿਰ ਦੇ ਮੁਹੱਲਾ ਜੰਮੂ ਬਸਤੀ ’ਚ ਨਕਲੀ ਕਰੰਸੀ ਛਾਪਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਉਸ ਕੋਲੋਂ ਲੱਗਭਗ 5,200 ਰੁਪਏ ਨਕਲੀ ਕਰੰਸੀ ਵੀ ਬਰਾਮਦ ਕੀਤੀ ਹੈ।
ਸਿਟੀ ਥਾਣਾ ਨੰਬਰ 1 ਦੇ ਇੰਚਾਰਜ ਰਵਿੰਦਰ ਭੀਟੀ ਨੇ ਦੱਸਿਆ ਕਿ ਇਕ ਮੁਖਬਰ ਨੇ ਕਾਂਸਟੇਬਲ ਜਗਜੀਤ ਸਿੰਘ ਨੂੰ ਸੂਚਿਤ ਕੀਤਾ ਕਿ ਨਰੇਸ਼ ਕੁਮਾਰ ਉਰਫ ਸ਼ੰਟੀ ਪੁੱਤਰ ਰੋਸ਼ਨ ਲਾਲ ਵਾਸੀ ਜੰਮੂ ਬਸਤੀ ਆਪਣੇ ਘਰ ’ਚ ਇਕ ਰੰਗੀਨ ਪ੍ਰਿੰਟਰ ਰੱਖ ਕੇ ਉਸ ’ਚ ਭਾਰਤੀ ਕਰੰਸੀ ਦੇ 500, 200 ਅਤੇ 100 ਰੁਪਏ ਦੇ ਨਕਲੀ ਨੋਟ ਛਾਪ ਰਿਹਾ ਹੈ। ਉਹ ਅਕਸਰ ਸ਼ਹਿਰ ਦੇ ਬਾਜ਼ਾਰ ’ਚ ਇਨ੍ਹਾਂ ਨੋਟਾਂ ਦੀ ਵਰਤੋਂ ਕਰਦਾ ਹੈ ਅਤੇ ਇਸ ਸਮੇਂ ਨਵੇਂ ਬਣੇ ਸੀਡਫਾਰਮ ਰੋਡ ਬਾਈਪਾਸ ’ਤੇ ਕਿਸੇ ਨੂੰ ਨਕਲੀ ਕਰੰਸੀ ਸੌਂਪਣ ਦੀ ਉਡੀਕ ਕਰ ਰਿਹਾ ਹੈ।
ਸੂਚਨਾ ਮਿਲਣ ’ਤੇ ਹੋਲਦਾਰ ਜਗਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਛਾਪਾ ਮਾਰਿਆ ਅਤੇ 5200 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਸੂਚਨਾ ਮਿਲਣ ’ਤੇ ਥਾਣਾ ਇੰਚਾਰਜ ਖੁਦ ਮੌਕੇ ’ਤੇ ਪਹੁੰਚੇ ਅਤੇ ਜਾਂਚ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਇੰਚਾਰਜ ਨੇ ਕਿਹਾ ਕਿ ਨੌਜਵਾਨ ਨੂੰ ਹੁਣ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
Read More : ਮੁੱਖ ਮੰਤਰੀ ਮਾਨ ਵੱਲੋਂ ਮੁੱਖ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਲਈ 68.98 ਕਰੋੜ ਦੇ ਫੰਡ ਜਾਰੀ ਕਰਨ ਦੇ ਹੁਕਮ
