ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਪੈਣਗੇ ਭੋਗ
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ : ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਅੱਜ ਦੂਸਰੇ ਦਿਨ ਬਹੁਤ ਵੱਡੀ ਗਿਣਤੀ ’ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਸਮੇਤ ਸਮੂਹ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਚ ਨਤਮਸਤਕ ਹੋਈਆਂ।
ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਬੜੀ ਸ਼ਰਧਾ ਪੂਰਵਕ ਢੰਗ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮਾਗਮਾਂ ਦੇ ਅੱਜ ਦੂਸਰੇ ਦਿਨ ਗੁਰੂ ਘਰਾਂ ਵਿਚ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਦੀਆਂ ਬਹੁਤ ਵੱਡੀ ਗਿਣਤੀ ਵੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਰਹਿਣ, ਲੰਗਰ ਜੋੜਾ ਘਰ ਗਠੜੀ ਘਰ ਆਦਿ ਦੇ ਸਮੁੱਚੇ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤੇ ਹੋਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੁੱਚੇ ਪ੍ਰਬੰਧਾਂ ਦੀ ਦੇਖ ਰੇਖ ਖੁਦ ਕਰ ਰਹੇ ਹਨ।
ਭਾਈ ਚਾਵਲਾ ਨੇ ਦੱਸਿਆ ਕਿ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਬੀਤੇ ਕੱਲ 23 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਅੱਜ ਸਵੇਰੇ ਪਾਏ ਜਾਣਗੇ।
