ਮਲਬੇ ਹੇਠ ਦੱਬੇ ਚੌਥੇ ਮਜ਼ਦੂਰ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਜਾਰੀ
ਬਰਨਾਲਾ, 29 ਮਾਰਚ : ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਐਤਵਾਰ ਸਵੇਰੇ ਇੱਕ ਮਕਾਨ ਦਾ ਲੈਂਟਰ ਡਿੱਗਣ ਕਾਰਨ ਚਾਰ ਮਜ਼ਦੂਰ ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਵਿਸ਼ਾਲ ਗੋਇਲ ਦੇ ਘਰ ਨੂੰ ਪਿਛਲੇ ਕਈ ਦਿਨਾਂ ਤੋਂ ਜੈੱਕ ਲਗਾ ਕੇ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਸੀ। ਅੱਜ ਸਵੇਰੇ ਕਰੀਬ ਸਵਾ ਚਾਰ ਵਜੇ, ਜਦੋਂ ਮਜ਼ਦੂਰ ਅੰਦਰ ਸੁੱਤੇ ਹੋਏ ਸਨ, ਤਾਂ ਅਚਾਨਕ ਮਕਾਨ ਡਿੱਗ ਗਿਆ।
ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਤਿੰਨ ਮਜ਼ਦੂਰਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚੌਥੇ ਮਜ਼ਦੂਰ ਨੂੰ ਬਾਹਰ ਕੱਢਣ ਲਈ ਅਜੇ ਵੀ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਮਲਬਾ ਹਟਾਉਣ ਲਈ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵੱਲੋਂ ਚੌਥੇ ਮਜ਼ਦੂਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
Read More : ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ 3 ਮਹੀਨਿਆਂ ‘ਚ 30.51 ਲੱਖ ਪਰਿਵਾਰ ਹੋਏ ਰਜਿਸਟਰ : ਡਾ. ਬਲਬੀਰ ਸਿੰਘ
