ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਵਿਦੇਸ਼ੀ ਸ਼ੋਅ ਲਈ ਤਿਆਰ ਡਰੈੱਸ ਵੀ ਹੋਈ ਖਰਾਬ
ਜਲੰਧਰ, 16 ਮਾਰਚ : ਜਲੰਧਰ ਦੇ ਲਾਂਬਾ ਪਿੰਡ ਚੌਕ ਨੇੜੇ ਸਥਿਤ ‘ਡਰੈੱਸ ਗੁਰੂ ਕਲੋਥ ਹਾਊਸ’ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੁਕਾਨ ਦੇ ਮਾਲਕ ਸਾਗਰ ਨੇ ਦੱਸਿਆ ਕਿ ਘਟਨਾ ਸਵੇਰੇ ਲਗਭਗ 10:15 ਵਜੇ ਵਾਪਰੀ। ਜਿਵੇਂ ਹੀ ਦੁਕਾਨ ਖੋਲ੍ਹੀ ਗਈ, ਅੰਦਰ ਅੱਗ ਲੱਗੀ ਹੋਣ ਦਾ ਪਤਾ ਲੱਗਾ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਤੇਜ਼ ਸੀ ਕਿ ਦੁਕਾਨ ਦੇ ਪਿਛਲੇ ਪਾਸੇ ਸਥਿਤ ਵਿਨੈ ਨਗਰ ਦੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਦੁਕਾਨ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਅਤੇ ਪਾਣੀ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਦੁਕਾਨ ਮਾਲਕ ਅਨੁਸਾਰ ਇਸ ਅਗਨਕਾਂਡ ਵਿੱਚ ਲਗਭਗ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਦੁਕਾਨ ਵਿੱਚ ਕਈ ਲੋਕਾਂ ਦੇ ਆਰਡਰ ‘ਤੇ ਤਿਆਰ ਕੀਤੇ ਕੱਪੜੇ ਪਏ ਸਨ, ਜੋ ਧੂੰਏਂ ਅਤੇ ਅੱਗ ਕਾਰਨ ਬੁਰੀ ਤਰ੍ਹਾਂ ਖਰਾਬ ਹੋ ਗਏ ਹਨ।
ਦੁਕਾਨਦਾਰ ਦੇ ਦੋਸਤ ਮਨੂ ਨੇ ਦੱਸਿਆ ਕਿ ਇਹ ਦੁਕਾਨ ਕਲਾਕਾਰਾਂ ਵਿੱਚ ਕਾਫ਼ੀ ਮਸ਼ਹੂਰ ਹੈ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਵਿਦੇਸ਼ ਵਿੱਚ ਸ਼ੋਅ ਸੀ, ਜਿਸ ਲਈ ਖਾਸ ਡਰੈੱਸ ਤਿਆਰ ਕੀਤੀ ਗਈ ਸੀ। ਬਦਕਿਸਮਤੀ ਨਾਲ ਇਸ ਹਾਦਸੇ ਵਿੱਚ ਉਹ ਡਰੈੱਸ ਵੀ ਨੁਕਸਾਨੀ ਗਈ ਹੈ। ਪੁਲਿਸ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨੁਕਸਾਨ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ।
Read More : ਰਿਸ਼ਵਤਖੋਰੀ ਮਾਮਲਾ: ਮੁਅੱਤਲ DIG ਹਰਚਰਨ ਭੁੱਲਰ ਵੱਲੋਂ ਅਦਾਲਤੀ ਨੋਟਿਸ ਨੂੰ ਚੁਣੌਤੀ
