ਮਾਲੇਰਕੋਟਲਾ

ਖ਼ਾਕੀ ਦੀ ਆੜ ‘ਚ ਠੱਗੀਆਂ ਮਾਰਨ ਵਾਲਾ ਨਕਲੀ ਮੁਲਾਜ਼ਮ 2 ਸਾਥੀਆਂ ਸਮੇਤ ਕਾਬੂ

ਮੁਲਜ਼ਮਾਂ ਕੋਲੋਂ ਪਿਸਤੌਲ, ਜਿੰਦਾ ਰੌਂਦ, ਫਰਜ਼ੀ ਆਈ-ਕਾਰਡ ਅਤੇ ਪੁਲਸ ਦੀ ਵਰਦੀ ਬਰਾਮਦ; ਐੱਸ. ਐੱਸ. ਪੀ. ਗਗਨ ਅਜੀਤ ਸਿੰਘ

ਮਾਲੇਰਕੋਟਲਾ, 7 ਅਪ੍ਰੈਲ : ਮਾਲੇਰਕੋਟਲਾ ਪੁਲਸ ਨੇ ਪੁਲਸ ਦੀ ਵਰਦੀ ਪਾ ਕੇ ਲੋਕਾਂ ‘ਤੇ ਧੌਂਸ ਜਮਾਉਣ ਅਤੇ ਠੱਗੀਆਂ ਮਾਰਨ ਵਾਲੇ ਇੱਕ ਨਕਲੀ ਪੁਲਸ ਮੁਲਾਜ਼ਮ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ, ਪੁਲਸ ਦੀ ਵਰਦੀ ਅਤੇ ਜਾਅਲੀ ਪਛਾਣ ਪੱਤਰ ਬਰਾਮਦ ਕੀਤੇ ਹਨ।

ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐੱਸ. ਪੀ. ਰਾਜਵਿੰਦਰ ਸਿੰਘ, ਡੀ. ਐੱਸ. ਪੀ. ਸਤੀਸ਼ ਕੁਮਾਰ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਸੀ। ਟੀਮ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਅਮਰਗੜ੍ਹ ਅਨਾਜ ਮੰਡੀ ਨੇੜੇ ਛਾਪਾ ਮਾਰ ਕੇ ਰਣਬੀਰ ਸਿੰਘ (ਵਾਸੀ ਮਹਿੰਦੀਪੁਰ, ਤਰਨਤਾਰਨ) ਨੂੰ ਪੁਲਸ ਵਰਦੀ ਵਿੱਚ ਕਾਬੂ ਕੀਤਾ। ਇਹ ਮੁਲਜ਼ਮ ਖੁਦ ਨੂੰ ਪੰਜਾਬ ਪੁਲਸ ਦਾ ਸਿਪਾਹੀ ਦੱਸ ਕੇ ਪਿਸਤੌਲ ਦੀ ਨੋਕ ‘ਤੇ ਲੋਕਾਂ ਤੋਂ ਪੈਸੇ ਵਸੂਲਦਾ ਸੀ।

ਰਣਬੀਰ ਸਿੰਘ ਕੋਲੋਂ ਇੱਕ 30 ਬੋਰ ਪਿਸਤੌਲ, 2 ਰੌਂਦ, ਅੰਮ੍ਰਿਤਸਰ ਪੁਲਸ ਦਾ ਜਾਅਲੀ ਆਈ-ਕਾਰਡ, ਪੁਲਸ ਦੀਆਂ ਬੱਸ ਟਿਕਟਾਂ ਅਤੇ ਇੱਕ ਆਈ-ਫੋਨ ਮਿਲਿਆ ਹੈ। ਰਣਬੀਰ ਸਿੰਘ ਦੇ ਪੁਲਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਉਸਦੇ ਦੋ ਹੋਰ ਸਾਥੀਆਂ ਹਰਪ੍ਰੀਤ ਸਿੰਘ (ਵਾਸੀ ਵਲਟੋਹਾ) ਅਤੇ ਗੁਰਲਾਲ ਸਿੰਘ (ਵਾਸੀ ਮਹਿੰਦੀਪੁਰ) ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਗੁਰਲਾਲ ਸਿੰਘ ਕੋਲੋਂ ਇੱਕ 30 ਬੋਰ ਅਤੇ ਇੱਕ 32 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ ਕਈ ਰੌਂਦ ਬਰਾਮਦ ਹੋਏ ਹਨ, ਜਦਕਿ ਹਰਪ੍ਰੀਤ ਸਿੰਘ ਕੋਲੋਂ ਵੀ ਜ਼ਿੰਦਾ ਰੌਂਦ ਮਿਲੇ ਹਨ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ।

Read More : ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਦੇ ‘ਖਰਗ’ ਟਾਪੂ ਸਮੇਤ ਕਈ ਥਾਵਾਂ ‘ਤੇ ਭਾਰੀ ਬੰਬਾਰੀ

Leave a Reply

Your email address will not be published. Required fields are marked *